ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਤੋਂ ਪੁੱਛਿਆ ਕਿ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਟੁੱਟਿਆ ਸੀ ਤਾਂ ਉਸ ਵੇਲੇ ਅਸਤੀਫਾ ਦੇ ਕੇ ਗਾਇਬ ਕਿਉਂ ਹੋਏ ਸਨ? ਇਥੇ ਅਕਾਲੀ ਦਲ ਦਫਤਰ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਡਾ. ਨਿਸ਼ਾਨ ਸਿੰਘ ਮਾਨ, ਆਤਮਾ ਸਿੰਘ ਲੁਬਾਣਾ, ਹਰਪਾਲ ਸਿੰਘ ਕੋਛੜ, ਵਿਵੇਕ ਸਿੰਘ ਮਾਟਾ ਨੇ ਕਿਹਾ ਕਿ ਕੁਲਵੰਤ ਸਿੰਘ ਬਾਠ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਇਹ ਵਿਰੋਧਾਭਾਸ ਹੈ ਕਿ ਜੇ ਕੁਲਵੰਤ ਸਿੰਘ ਬਾਠ ਨੇ ਅਸਤੀਫ਼ਾ ਨਹੀਂ ਸੀ ਦਿੱਤਾ ਤਾਂ ਸਰਨਾ ਧੜੇ ਤੋਂ ਕਿਵੇਂ ਚੋਣ ਟਿਕਟ ਹਾਸਲ ਕੀਤੀ ਤੇ ਸਰਨਾ ਧੜੇ ਨੇ ਕਿਵੇਂ ਟਿਕਟ ਦਿੱਤੀ। ਉਨ੍ਹਾਂ ਕਿਹਾ ਕਿ ਆਗੂਆਂ ਦੇ ਜਨਤਕ ਕਹੇ ਬੋਲਾਂ ’ਤੇ ‘ਟਿਕੇ ਰਹਿਣਾ’ ਵੀ ਹੁੰਦਾ ਹੈ ਜੋ ਉਨ੍ਹਾਂ ਨਹੀਂ ਕੀਤਾ।