ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਰਾਜਿੰਦਰ ਨਗਰ ਵਿਧਾਨ ਸਭਾ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਨੇ ਅੱਜ ਕੇਜਰੀਵਾਲ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਤਿਕੋਣਾ ਪਾਰਕ ਤੋਂ ਦਿੱਲੀ ਜਲ ਬੋਰਡ ਦਫ਼ਤਰ ਤੱਕ ਪੈਦਲ ਮਾਰਚ ਕੀਤਾ। ਪੁਰਾਣੇ ਰਾਜਿੰਦਰ ਨਗਰ ਵਿੱਚ ਸਿਰਾਂ ’ਤੇ ਘੜੇ ਰੱਖ ਕੇ ਰੋਸ ਮਾਰਚ ਕੀਤਾ ਗਿਆ ਤੇ ਕੇਜਰੀਵਾਲ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ। ਭਾਜਪਾ ਦੇ ਸੂਬਾਈ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਰਾਜਿੰਦਰ ਨਗਰ ਵਿਧਾਨ ਸਭਾ ਵਿੱਚ ਨਰਾਇਣਾ ਪਿੰਡ, ਇੰਦਰਪੁਰੀ, ਜੇਜੇ ਕਲੋਨੀ, ਬੁੱਧ ਵਿਹਾਰ, ਪੁਰਾਣਾ ਰਾਜਿੰਦਰ ਨਗਰ ਅਤੇ ਨਿਊ ਰਾਜਿੰਦਰ ਨਗਰ ਆਦਿ ਕਈ ਥਾਵਾਂ ਹਨ, ਜਿੱਥੇ ਪਾਣੀ ਦੀ ਸਮੱਸਿਆ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਘਰਾਂ ਵਿੱਚ ਆ ਰਹੇ ਗੰਧਲੇ ਪਾਣੀ ਨਾਲ ਪੇਟ, ਲੀਵਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਹੋਣ ਲੱਗ ਪਈਆਂ ਹਨ। ਇੱਕ ਪਾਸੇ ਪਾਣੀ ਦੀ ਸਮੱਸਿਆ ਕਾਰਨ ਲੋਕ ਬਿਮਾਰ ਹੋ ਰਹੇ ਹਨ ਅਤੇ ਦੂਜੇ ਪਾਸੇ ਲੋਕ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਦਰ-ਦਰ ਭਟਕ ਰਹੇ ਹਨ। ਵਰਕਰਾਂ ਨੇ ਕਿਹਾ ਕਿ ਅੱਜ ਦਿੱਲੀ ਨੂੰ 1100 ਐਮਜੀਡੀ ਤੋਂ ਵੱਧ ਪਾਣੀ ਦੀ ਲੋੜ ਹੈ ਜਿਸ ਨੂੰ ਦਿੱਲੀ ਜਲ ਬੋਰਡ ਪੂਰਾ ਨਹੀਂ ਕਰ ਪਾ ਰਿਹਾ ਹੈ। ਇਸ ਦੇ ਨਾਲ ਹੀ ਜਲਬੋਰਡ ਵੱਲੋਂ ਸਪਲਾਈ ਕੀਤੇ ਜਾਣ ਵਾਲੇ 30 ਫੀਸਦੀ ਪਾਣੀ ਦੀ ਬਰਬਾਦੀ ਹੋ ਜਾਂਦੀ ਹੈ ਕਿਉਂਕਿ ਜਲਬੋਰਡ ਵੱਲੋਂ ਪਾਈ ਪਾਈਪ ਪੁਰਾਣੀ ਅਤੇ ਖਸਤਾ ਹੋ ਚੁੱਕੀ ਹੈ। ਕਾਗਜ਼ਾਂ ‘ਤੇ ਉਨ੍ਹਾਂ ਨੂੰ ਬਦਲਿਆ ਜਾਂਦਾ ਹੈ ਅਤੇ ਉਨ੍ਹਾਂ ਲਈ ਭੁਗਤਾਨ ਕੀਤਾ ਜਾਂਦਾ ਹੈ, ਪਰ ਅਸਲੀਅਤ ਇਹ ਹੈ ਕਿ ਪਾਈਪ ਲਾਈਨ ਦੀ ਕਦੇ ਵੀ ਮੁਰੰਮਤ ਨਹੀਂ ਕੀਤੀ ਜਾਂਦੀ।
ਭਾਜਪਾ ਦੀ ਪੋਲ ਖੋਲ੍ਹ ਮੁਹਿੰਮ ਫੇਲ੍ਹ ਸਾਬਤ ਹੋਈ: ਭਾਰਦਵਾਜ
ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਚੋਣ ਮੁਹਿੰਮ ਫੇਲ੍ਹ ਸਾਬਤ ਹੋਈ ਹੈ। ਦਿੱਲੀ ਭਾਜਪਾ ਦੇ ਯੂਟਿਊਬ ਚੈਨਲ ’ਤੇ ਭਾਜਪਾ ਦੀ ਪੋਲ ਖੋਲ੍ਹ ਮੁਹਿੰਮ ਨੂੰ 5-10 ਵਿਊਜ਼ ਮਿਲ ਰਹੇ ਹਨ। ਭਾਜਪਾ ਦੀ ਦਿੱਲੀ ਵਿੱਚ ਏਨੀ ਮਾੜੀ ਸਥਿਤੀ ਪਹਿਲਾਂ ਕਦੇ ਨਹੀਂ ਸੀ। ਦਿੱਲੀ ਵਿੱਚ ਭਾਜਪਾ ਵਰਕਰ ਮਾਈਕ ਲਗਾ ਕੇ ਰੌਲਾ ਪਾ ਰਹੇ ਹਨ ਅਤੇ ਇੱਕ ਵੀ ਵਿਅਕਤੀ ਨਹੀਂ ਸੁਣ ਰਿਹਾ।