ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਦਸੰਬਰ
ਦਿੱਲੀ ਸਰਕਾਰ ਵੱਲੋਂ ਦਿੱਲੀ ਵਿੱਚ ਪ੍ਰਦੂਸ਼ਣ ਰੋਕਣ ਦੇ ਉਪਾਵਾਂ ਤਹਿਤ ਕੌਮੀ ਰਾਜਧਾਨੀ ਵਿੱਚ ਪਹਿਲੀ ਵਾਰ ‘ਜਿਸਤ-ਟਾਂਕ’ ਫਾਰਮੂਲਾ ਲਾਗੂ ਕਰਕੇ ਦਿੱਲੀ ਵਿੱਚ ਚੱਲਣ ਵਾਲੀਆਂ ਵੱਖ-ਵੱਖ ਚਾਰ ਪਹੀਆ ਗੱਡੀਆਂ ਉਪਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਦੌਰਾਨ ਦਿੱਲੀ ਸਰਕਾਰ ਨੂੰ 12 ਕਰੋੜ ਤੋਂ ਵੱਧ ਰਕਮ ਖਰਚਣੀ ਪਈ ਸੀ। ਹੁਣ ਵੀ ਪ੍ਰਦੂਸ਼ਣ ਦੀ ਮਾਰ ਕੌਮੀ ਰਾਜਧਾਨੀ ਦੇ ਵਸਨੀਕ ਸਹਿਣ ਲਈ ਮਜਬੂਰ ਹਨ। ਅੱਜ-ਕੱਲ੍ਹ ਦਿੱਲੀ ਸਰਕਾਰ ਵੱਲੋਂ ‘ਲਾਲ ਬੱਤੀ ਆਨ, ਗੱਡੀ ਆਫ’ ਯੋਜਨਾ ਹਰ ਮੁੱਖ ਚੌਕਾਂ ਉਪਰ ਚਲਾਈ ਜਾ ਰਹੀ ਹੈ, ਜਿਸ ਤਹਿਤ ਵਾਤਾਵਰਨ ਵਾਲੰਟੀਅਰ ਲੋਕਾਂ ਨੂੰ ਲਾਲ ਬੱਤੀ ਹੋਣ ’ਤੇ ਆਪਣੀਆਂ ਗੱਡੀਆਂ ਬੰਦ ਕਰਨ ਦੀ ਅਪੀਲ ਕਰ ਰਹੇ ਹਨ। ਦਿੱਲੀ ਵਿੱਚ ਧੂੜ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਫਾਇਰ ਸਰਵਿਸ ਤੇ ਵਣ ਮਹਿਕਮੇ ਵੱਲੋਂ ਦਰੱਖ਼ਤਾਂ ਦੇ ਪੱਤਿਆਂ ਨੂੰ ਤੇਜ਼ ਪਾਣੀ ਦੀਆਂ ਬੁਛਾੜਾਂ ਨਾਲ ਧੋਣ ਦਾ ਸਿਲਸਿਲਾ ਵੀ ਜਾਰੀ ਹੈ। ਅੱਜ ਦਿੱਲੀ ਫਾਇਰ ਸਰਵਿਸ ਦੀ ਗੱਡੀ ਨਾਲ ਮੁਲਾਜ਼ਮਾਂ ਨੇ ਡੀਡੀਏ ਦੇ ਗੋਬਿੰਦਪੁਰੀ ਦੇ ਪਾਰਕ ਦੇ ਦਰੱਖ਼ਤਾਂ ਨੂੰ ਪਾਣੀ ਨਾਲ ਧੋਤਾ ਤੇ ਰੋਜ਼ਾਨਾ ਕਿਸੇ ਨਾ ਕਿਸੇ ਪਾਸੇ ਇਹ ਮੁਹਿੰਮ ਜਾਰੀ ਹੈ। ਦਿੱਲੀ ਸਰਕਾਰ ਨੇ ਕਈ ਉਸਾਰੀ ਸਰਗਰਮੀਆਂ ਉਪਰ ਸੀਐੱਨਜੀ ਟਰੱਕਾਂ ਦੇ ਦਾਖ਼ਲੇ ਦੀ ਹੀ ਮਨਜ਼ੂਰੀ ਦਿੱਤੀ ਹੋਈ ਹੈ।
ਪ੍ਰਦੂਸ਼ਣ ਰੋਕਣ ਲਈ ਸਰਕਾਰ ਨੇ ਜਨਵਰੀ 2016 ’ਚ ਪਹਿਲੀ ਵਾਰ ਜਿਸਤ-ਟਾਂਕ ਫਾਰਮੂਲਾ ਦਿੱਲੀ ’ਚ ਲਾਗੂ ਕੀਤਾ ਸੀ, ਜਿਸ ਦਾ ਪ੍ਰਭਾਵ ਵੀ ਦੇਖਿਆ ਗਿਆ। ਆਰਟੀਆਈ ਰਾਹੀਂ ਖੁਲਾਸਾ ਹੋਇਆ ਹੈ ਕਿ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਡਿਵੀਜ਼ਨਲ ਕਮਿਸ਼ਨਰ ਤੇ ਸਕੱਤਰ ਮਾਲ ਮਹਿਕਮੇ ਨੂੰ 3.38 ਕਰੋੜ ਤੇ ਦਿੱਲੀ ਟੂਰਜ਼ਿਮ ਐਂਡ ਟਰਾਂਸਪੋਰਟ ਵਿਕਾਸ ਕਾਰਪੋਰੇਸ਼ਨ ਲਿਮਟਿਡ ਨੂੰ ਹਵਾ ਰੋਕੂ ਫੰਡਾਂ ਵਿੱਚੋਂ 25 ਲੱਖ ਰੁਪਏ ਦਿੱਤੇ ਸਨ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ 2016-19 ਦਰਮਿਆਨ ਜਿਸਤ-ਟਾਂਕ ਫਾਰਮੂਲੇ ਲਈ ਕੁੱਲ 12 ਕਰੋੜ ਤੋਂ ਵੱਧ ਖਰਚ ਕੀਤਾ ਸੀ। ਇਸ ਕਮੇਟੀ ਨੇ ਫਾਰਮੂਲਾ ਲਾਗੂ ਕਰਦੇ ਹੋਏ ਤਿੰਨ ਪੜਾਵਾਂ ਵਿੱਚ ਉਕਤ ਰਾਸ਼ੀ ਖਰਚ ਕੀਤੀ। ਇਹ ਰਕਮ 2008 ਵਿੱਚ ਕਾਇਮ ਕੀਤੇ ਗਏ ਗ੍ਰੀਨ ਫੰਡ ਵਿੱਚੋਂ ਲਈ ਗਈ, ਜੋ ਵਪਾਰ ਤੇ ਟੈਕਸ ਮਹਿਕਮੇ ਵੱਲੋਂ ਡੀਜ਼ਲ ਦੀ ਵਿਕਰੀ ਤੋਂ ਪ੍ਰਤੀ ਲਿਟਰ 25 ਪੈਸੇ ਵਸੂਲਿਆ ਜਾਂਦਾ ਹੈ। ਮਾਰਚ 2008 ਤੋਂ ਹੁਣ ਤੱਕ ਇਸ ਫੰਡ ਵਿੱਚ 547 ਕਰੋੜ ਰੁਪਏ ਇੱਕਠੇ ਹੋ ਚੁੱਕੇ ਹਨ ਪਰ ਸਰਕਾਰ ਨੇ ਮਾਰਚ 2015 ਤੱਕ 59 ਕਰੋੜ ਹੀ ਇਸਤੇਮਾਲ ਕੀਤੇ ਹਨ।
ਪ੍ਰਦੂਸ਼ਣ ਵਿੱਚ ਮਾਮੂਲੀ ਸੁਧਾਰ
ਦਿੱਲੀ ਦੀ ਹਵਾ ਵਿੱਚੋਂ ਪ੍ਰਦੂਸ਼ਣ ਕੁੱਝ ਘਟਿਆ ਹੈ ਤੇ ਇਹ ਸੁਧਾਰ ਹੋ ਕੇ ਹੁਣ ਪ੍ਰਦੂਸ਼ਣ ਬਹੁਤ ਗੰਭੀਰ ਜਾਂ ਬਹੁਤ ਮਾੜੇ ਤੋਂ ‘ਮਾੜੇ’ ਪੱਧਰ ਉਪਰ ਖਿਸਕ ਆਇਆ ਹੈ। ਅੱਜ ਸਵੇਰੇ ਦਿੱਲੀ ਦੀ ਹਵਾ ਦਾ ਗੁਣਵੱਤਾ ਸ਼ੁੱਧਤਾ ਅੰਕ 235 ਰਿਹਾ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਅਨੁਸਾਰ, ਸਵੇਰੇ 7.40 ਵਜੇ ਹਵਾ ਵਿੱਚ ਪੀਐੱਮ 2.5 ਅਤੇ ਪੀਐੱਮ 10 ਦਾ ਪੱਧਰ ਕ੍ਰਮਵਾਰ ‘ਖਰਾਬ’ ਤੇ ‘ਦਰਮਿਆਨੇ’ ਪੱਧਰ ’ਤੇ ਰਿਹਾ। ਕੌਮੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਪਿਛਲੇ ਹਫ਼ਤੇ ਕਈ ਦਿਨਾਂ ਤੱਕ ‘ਬਹੁਤ ਖਰਾਬ’ ਸ਼੍ਰੇਣੀ ’ਚ ਬਣੀ ਰਹੀ। ਇਸ ਦੌਰਾਨ ਸਵੇਰੇ 7.40 ਵਜੇ ਗੁਰੂਗ੍ਰਾਮ ਅਤੇ ਨੋਇਡਾ ਵਿੱਚ ਕ੍ਰਮਵਾਰ 235 ਅਤੇ 286 ਦਰਜ ਕੀਤਾ ਗਿਆ।