ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਦਿੱਲੀ ਹਾਟ, ਜਨਕਪੁਰੀ ਵਿੱਚ ਤਿੰਨ ਦਿਨਾ ਵਿਸਾਖੀ ਮੇਲਾ ਲਗਵਾਇਆ ਗਿਆ ਤੇ ਮੇਲੇ ਦਾ ਮਾਹੌਲ ਪੰਜਾਬ ਦੇ ਕਿਸੇ ਪੇਂਡੂ ਤਿਉਹਾਰ ਵਾਂਗ ਸਿਰਜਿਆ ਗਿਆ। ਫ਼ੁਲਕਾਰੀ, ਬਾਗ, ਲੱਕੜੀ ਦੇ ਫਰਨੀਚਰ, ਪੰਜਾਬੀ ਸੂਟ, ਜੁੱਤੀਆਂ, ਪਰਾਂਦੇ, ਨਾਲ਼ੇ ਆਦਿ ਦੇ ਲਗਪੱਗ 30 ਸਟਾਲ ਵੀ ਲਗਾਏ ਗਏ। ਇਸ ਤੋਂ ਇਲਾਵਾ ਤਿੰਨੋਂ ਦਿਨ ਦਿੱਲੀ ਹਾਟ ’ਚ ਪੰਜਾਬੀ ਖਾਣੇ ਦੇ ਸਟਾਲ ਖਿੱਚ ਦਾ ਕੇਂਦਰ ਰਹੇ। ਪੰਜਾਂ ਦਰਿਆਵਾਂ ਦੀ ਧਰਤੀ, ਪੰਜਾਬ ਦੇ ਪੁਰਾਤਨ ਸਾਮਾਨ ਦੀ ਪ੍ਰਦਰਸ਼ਨੀ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੀ। ਬੀਨ, ਬਾਜ਼ੀਗਰ, ਨੱਚਾਰ ਅਤੇ ਨੱਕਾਲ ਆਦਿ ਦੀ ਪੇਸ਼ਕਾਰੀ ਵੀ ਹੋਈ। ਲੋਕ ਕਲਾਕਾਰਾਂ ਵੱਲੋਂ ਲੋਕ ਨਾਚ ਸੰਮੀ, ਮਲਵਈ ਗਿੱਧਾ, ਝੂਮਰ, ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ, ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਤੋਂ ਵਿਧਾਇਕ ਰਾਜੇਸ਼ ਰਿਸ਼ੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗਵਰਨਿੰਗ ਕੌਂਸਲ ਦੇ ਮੈਂਬਰ ਤੇਜਿੰਦਰ ਸਿੰਘ ਨਲਵਾ ਨੇ ਕਿਹਾ ਕਿ ਗਾਇਕ ਦਿਲਬਾਗ, ਸ਼ਿਪਰਾ ਗੋਇਲ ਤੇ ਗੁਰਨਾਮ ਭੁੱਲਰ ਨੇ ਸਮਾਂ ਬੰਨ੍ਹਿਆ। ਸ਼ਿਪਰਾ ਗੋਇਲ ਨੇ ਪੇਸ਼ਕਾਰੀ ਨਾਲ ਤੇ ਗੁਰਨਾਮ ਭੁੱਲਰ ਨੇ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਲਾਲ ਵਡਾਲੀ ਦੇ ਬੇਟੇ ਸੱਤਪਾਲ ਵਡਾਲੀ, ਸਤਿੰਦਰ ਸਰਤਾਜ ਨੇ ਸਮਾਂ ਬੰਨ੍ਹਿਆ। ਅਕਾਦਮੀ ਦੇ ਮੀਤ ਪ੍ਰਧਾਨ ਹਰਸ਼ਰਨ ਸਿੰਘ ਬੱਲੀ ਨੇ ਕਿਹਾ ਕਿ ਅਕਾਦਮੀ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਮੇਲੇ ਵਿਚ ਅਕਾਦਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਹੋਰ ਸ਼ਖ਼ਸੀਅਤਾਂ ਨੇ ਵੀ ਹਿੱਸਾ ਲਿਆ।