ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਪ੍ਰਾਇਮਰੀ ਵਿੰਗ ਦੀ ਅਧਿਆਪਕਾ ਬੀਬੀ ਮਨਦੀਪ ਕੌਰ ਵੱਲੋਂ ਹਿੰਦੀ ਦੀ ਆਪਣੀ ਪਲੇਠੀ ਪੁਸਤਕ ‘ਗੂੰਜਤੀ ਖਾਮੋਸ਼ੀਆਂ’ ਦੀ ਕਾਪੀ ਸਕੂਲ ਪ੍ਰਿੰਸੀਪਲ ਸਤਬਿੀਰ ਸਿੰਘ ਨੂੰ ਭੇਟ ਕੀਤੀ ਗਈ। ਪ੍ਰਿੰਸੀਪਲ ਸਤਬਿੀਰ ਸਿੰਘ ਨੇ ਪੁਸਤਕ ਸਬੰਧੀ ਦੱਸਦੇ ਹੋਏ ਕਿਹਾ ਕਿ ਇਹ ਪੁਸਤਕ ਅਧਿਆਪਕਾ ਵੱਲੋਂ ‘ਹਿੰਦੀ ਭਾਸ਼ਾ’ ਵਿੱਚ ਕਵਿਤਾਵਾਂ ਦੇ ਰੂਪ ਅੰਦਰ ਲਿਖੀ ਗਈ ਹੈ, ਜੋ ਸੱਚਮੁਚ ਪ੍ਰਸੰਸ਼ਾਯੋਗ ਹੈ। ਸਕੂਲ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ ਅਤੇ ਸੀਨੀਅਰ ਵਾਈਸ ਚੇਅਰਮੈਨ ਦਲਵਿੰਦਰ ਸਿੰਘ ਨੇ ਅਧਿਆਪਕਾ ਦੇ ਇਸ ਕਾਰਜ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਅਧਿਆਪਕਾ ਦੇ ਸੋਹਣੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਸਾਹਿਤ ਜਗਤ ਦੀ ਝੋਲੀ ਵਿੱਚ ਹੋਰ ਪੁਸਤਕਾਂ ਪਾਉਣ ਲਈ ਪ੍ਰੇਰਿਤ ਕੀਤਾ।
ਪਰਵਿੰਦਰ ਲੱਕੀ ਹੋਰਾਂ ਦਾ ਕਹਿਣਾ ਸੀ ਕਿ ਸਾਡੇ ਲਈ ਇਹ ਬਹੁਤ ਹੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਸਾਡੀ ਸਕੂਲੀ ਅਧਿਆਪਕਾ ਵੱਲੋਂ ਸਾਹਿਤ ਲਿਖਣ ਦੀ ਪਿਰਤ ਆਰੰਭ ਕੀਤੀ ਗਈ ਹੈ। ਮਨਦੀਪ ਕੌਰ ਨੇ ਆਪਣੀ ਪਲੇਠੀ ਪੁਸਤਕ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਪ੍ਰਿੰਸੀਪਲ ਵੱਲੋਂ ਪੁਸਤਕ ਦੀ ਰਚਨਾ ਲਈ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਮਨਦੀਪ ਕੌਰ ਵੱਲੋਂ ਆਪਣੀ ਇਹ ਪੁਸਤਕ ਮਰਹੂਮ ਮਾਤਾ ਇਕਬਾਲ ਕੌਰ ਨੂੰ ਸਮਰਪਿਤ ਕੀਤੀ ਗਈ ਹੈ ਜੋ ਕਿ ਆਪ ਵੀ ਸਕੂਲ ਅਧਿਆਪਕਾ ਰਹਿ ਚੁੱਕੇ ਸਨ।