ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਇਥੇ ‘ਸੁਰ ਕੀ ਪਹਿਚਾਨ’ ਦੇ ਤੀਜੇ ਦੌਰ ਦਾ ਆਯੋਜਨ ਸਲੋਨੀ ਗੁਲਾਟੀ ਤੇ ਸੰਦੀਪ ਕੁਮਾਰ ਚੌਹਾਨ ਵੱਲੋਂ ਅੱਜ ਇੱਥੇ ਮੁਖਰਜੀ ਨਗਰ ਵਿੱਚ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਸਨ। ਇਸ ਮੌਕੇ ਪੰਮਾ ਨੇ ਕਿਹਾ ਕਿ ਸੰਗੀਤ ਮਨੁੱਖ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ ਅਤੇ ਇਸ ਨੂੰ ਸਿੱਖਣ ਜਾਂ ਗਾਉਣ ਦੀ ਕੋਈ ਉਮਰ ਨਹੀਂ ਹੁੰਦੀ। ਇਸ ਮੌਕੇ ਸਲੋਨੀ ਗੁਲਾਟੀ ਅਤੇ ਸੰਦੀਪ ਕੁਮਾਰ ਚੌਹਾਨ ਨੇ ਦੱਸਿਆ ਕਿ ਇਸ ਸ਼ੋਅ ਦਾ ਸੰਕਲਪ ਸਾਰੇ ਗਾਇਕੀ ਰਿਐਲਿਟੀ ਸ਼ੋਅ ਤੋਂ ਬਿਲਕੁਲ ਵੱਖਰਾ ਹੈ। ਜਿੱਥੇ ਅੱਜ ਦੇ ਸਮੇਂ ਵਿੱਚ ਨੌਜਵਾਨ ਵਰਗ ਦੇ ਪ੍ਰਤਿਭਾਸ਼ਾਲੀ ਗਾਇਕਾਂ ਨੂੰ ਹੀ ਗਾਉਣ ਦਾ ਮੌਕਾ ਦਿੱਤਾ ਜਾਂਦਾ ਹੈ, ਉੱਥੇ ਹੀ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ‘ਸੁਰ ਕੀ ਪਹਿਚਾਨ’ ਗਾਉਣ ਦਾ ਮੌਕਾ ਦਿੱਤਾ ਜਾਂਦਾ ਹੈ, ਤਾਂ ਜੋ ਉਮਰ ਦੇ ਵਧਦੇ ਪੜਾਅ ਦੇ ਨਾਲ ਉਨ੍ਹਾਂ ਦੀ ਪ੍ਰਤਿਭਾ ਕਿਤੇ ਵੀ ਖਤਮ ਨਾ ਹੋਵੇ।
ਹਰ ਰਾਊਂਡ ਦੀ ਤਰ੍ਹਾਂ ਇਸ ਰਾਊਂਡ ਵਿੱਚ ਵੀ ਕਈ ਪ੍ਰਤਿਭਾਸ਼ਾਲੀ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਅਤੇ ਆਪਣੀ ਆਵਾਜ਼ ਨਾਲ ਸ਼ੋਅ ਵਿੱਚ ਆਏ ਲੋਕਾਂ ਸਮੇਤ ਜੱਜਾਂ ਦਾ ਦਿਲ ਜਿੱਤ ਲਿਆ। ਤੀਜੇ ਗੇੜ ਦੀ ਪ੍ਰਕਿਰਿਆ ਵੀ ਪਿਛਲੇ ਦੋਵਾਂ ਗੇੜਾਂ ਵਾਂਗ ਹੀ ਰਹੀ। ਇਸ ਵਾਰ ਵੀ ਹਰੇਕ ਪ੍ਰਤੀਯੋਗੀ ਨੂੰ ਦੋ ਟਰੈਕਾਂ ’ਤੇ ਗਾਉਣ ਦਾ ਮੌਕਾ ਦਿੱਤਾ ਗਿਆ। ਇਸ ਵਿੱਚ ਦੋ ਜੱਜਾਂ ਵੱਲੋਂ ਗਾਇਕਾਂ ਦੀ ਗਾਇਕੀ ਦਾ ਮੁਲਾਂਕਣ ਕੀਤਾ ਗਿਆ।
13 ਸਾਲ ਦੇ ਕੇਸ਼ਵ ਦਾ ਗਾਣਾ ਤੇ ਆਵਾਜ਼ ਸੁਣ ਕੇ ਸਭ ਦੰਗ ਰਹਿ ਗਏ। ਕੇਸ਼ਵ ਦੀ ਵਧੀਆ ਆਵਾਜ਼ ਦਾ ਜਾਦੂ ਪੂਰੇ ਸ਼ੋਅ ਵਿੱਚ ਛਾਇਆ ਹੋਇਆ ਸੀ। ਇਸ ਮੌਕੇ ਸ਼ੋਅ ਦੀ ਪ੍ਰਬੰਧਕ ਸਲੋਨੀ ਗੁਲਾਟੀ ਨੇ ਕੇਸ਼ਵ ਨੂੰ ਪੂਰਾ ਭਰੋਸਾ ਦਿੱਤਾ ਕਿ ਉਹ ਆਪਣੇ ਆਉਣ ਵਾਲੇ ਪ੍ਰਾਜੈਕਟ ਵਿੱਚ ਉਸ ਨੂੰ ਜ਼ਰੂਰ ਮੌਕਾ ਦੇਵੇਗੀ। ਪਹਿਲਾ ਗੇੜ 6 ਅਗਸਤ ਨੂੰ ਤੇ ਦੂਜਾ ਗੇੜ 27 ਅਗਸਤ ਨੂੰ ਚੱਲਿਆ ਸੀ।