ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਫਰਵਰੀ
ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਮੋਤੀ ਨਗਰ ਵਿੱਚ ਸੜਕ ਦਾ ਨਾਂ ‘ਗੁਰੂ ਤੇਗ ਬਹਾਦਰ ਮਾਰਗ’ ਰੱਖਿਆ ਗਿਆ। 10 ਬਲਾਕ ਤੋਂ 13 ਬਲਾਕ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਭਾਈ ਬੀਬਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਗੁਰੂ ਨਾਨਕ ਪਬਲਿਕ ਸਕੂਲ ਮੋਤੀ ਨਗਰ ਨੂੰ ਜਾਣ ਵਾਲੀ ਸੜਕ ਦਾ ਨਾਂ ਰੱਖਿਆ ਗਿਆ। ਨਾਮਕਰਨ ਉਪਰੰਤ ਪੱਥਰ ਦੀ ਘੁੰਢ ਚੁਕਾਈ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਅੰਤ ਵਿੱਚ ਸੰਗਤਾਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਾਏ ਅਤੇ ਮੋਤੀ ਨਗਰ ਦੀਆਂ ਸੰਗਤਾਂ ਵੱਲੋਂ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਨੇ ਦੱਸਿਆ ਕਿ ਮੋਤੀ ਨਗਰ ਦੀ ਸੰਗਤਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਫਨ ਸਿਨੇਮਾ ਹੋ ਕੇ ਨਜਫਗੜ੍ਹ ਰੋਡ ਤੋਂ ਮੋਤੀ ਨਗਰ ਨੂੰ ਆਉਣ ਵਾਲੇ ਪ੍ਰਵੇਸ਼ ਦੁਆਰ ਦਾ ਨਾਂ ‘ਗੁਰੂ ਗੋਬਿੰਦ ਸਿੰਘ ਦੁਆਰ’ ਰੱਖਣ ਦੀ ਮੰਗ ਕੀਤੀ ਗਈ। ਇਸ ਮੌਕੇ ਆਏ ਸਾਰੇ ਮਹਿਮਾਨਾਂ ਅਤੇ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਮਲਕਿੰਦਰ ਸਿੰਘ, ਭਾਈ ਬੀਬਾ ਸਿੰਘ ਖ਼ਾਲਸਾ ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ ਸਾਹਨੀ ਆਦਿ ਹਾਜ਼ਰ ਸਨ।