ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਦਿੱਲੀ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 90 ਹਜ਼ਾਰ ਦੇ ਕਰੀਬ ਹੋ ਗਈ ਹੈ। ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 2442 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 89802 ਅਤੇ ਮ੍ਰਿਤਕਾਂ ਦੀ ਗਿਣਤੀ 2803 ਤੱਕ ਪਹੁੰਚ ਗਈ ਹੈ। 24 ਘੰਟਿਆਂ ਵਿੱਚ 61 ਮੌਤਾਂ ਹੋਈਆਂ ਅਤੇ 60 ਹਜ਼ਾਰ ਦੇ ਕਰੀਬ ਮਰੀਜ਼ ਠੀਕ ਹੋਏ ਹਨ।
ਉਧਰ ਕੋਵਿਡ -19 ਤੋਂ ਪੀੜਤ ਦਿੱਲੀ ਪੁਲੀਸ ਸਪੈਸ਼ਲ ਸੈੱਲ ਵਿਚ ਇਕ ਇੰਸਪੈਕਟਰ ਇਸ ਲਾਗ ਨਾਲ ਦਮ ਤੋੜ ਗਿਆ। ਇੰਸਪੈਕਟਰ ਸੰਜੀਵ ਯਾਦਵ ਪੂਰਬੀ ਦਿੱਲੀ ਦੇ ਇਕ ਹਸਪਤਾਲ ਵਿੱਚ ਪਿਛਲੇ ਪੰਦਰਵਾੜੇ ਤੋਂ ਵੈਂਟੀਲੇਟਰ ‘ਤੇ ਸੀ। ਇਕ ਸਹਿਯੋਗੀ ਨੇ ਕਿਹਾ ਕਿ 49 ਸਾਲਾ ਯਾਦਵ ਦਾ ਪਲਾਜ਼ਮਾ ਥੈਰੇਪੀ ਵੀ ਕਰਵਾਇਆ ਗਿਆ ਪਰ ਉਸ ਦੀ ਹਾਲਤ ਵਿਗੜਦੀ ਰਹੀ।
ਯਾਦਵ ਵਿਸ਼ੇਸ਼ ਸੈੱਲ ਦੀ ਦੱਖਣ-ਪੱਛਮੀ ਸ਼੍ਰੇਣੀ ਦੇ ਨਾਲ ਤਾਇਨਾਤ ਸਨ ਤੇ ਇਸ ਸਾਲ ਗਣਤੰਤਰ ਦਿਵਸ ਦੌਰਾਨ ਉਨ੍ਹਾਂ ਨੂੰ ਬਹਾਦਰੀ ਲਈ ਪੁਲੀਸ ਮੈਡਲ ਨਾਲ ਨਵਾਜਇਆ ਗਿਆ ਸੀ। ਉਸ ਦੀ ਪਤਨੀ ਨੂੰ ਵੀ ਵਾਇਰਸ ਦੇ ਟੈਸਟ ਕਰਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਯਾਦਵ ਦੇ ਪਿੱਛੇ ਉਸ ਦੀ ਪਤਨੀ ਅਤੇ ਦੋ ਬੱਚੇ ਹਨ। ਇਸ ਤੋਂ ਪਹਿਲਾਂ ਵੀ ਕਈ ਅਧਿਕਾਰੀ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ।
ਯਮੁਨਾਨਗਰ ਵਿੱਚ ਦੋ ਪਾਜ਼ੇਟਿਵ ਕੇਸ ਮਿਲੇ
ਯਮੁਨਾਨਗਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਅੱਜ ਸ਼ਹਿਰ ਵਿੱਚ ਦੋ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ । ਉਨ੍ਹਾਂ ਦੱਸਿਆ ਕਿ ਪ੍ਰੋਫੈਸਰ ਕਲੋਨੀ ਵਿੱਚ 32 ਸਾਲਾ ਨੌਜਵਾਨ ਅਤੇ 70 ਸਾਲਾ ਮਹਿਲਾ ਕਰੋਨਾ ਪਾਜ਼ੇਟਿਵ ਮਿਲੀ ਹੈ ਜਿਸ ਦੇ ਚੱਲਦਿਆਂ ਕਲੋਨੀ ਦੀ ਗਲੀ ਨੂੰ ਸੀਲ ਕਰਕੇ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕੁੱਲ 24 ਕਰੋਨਾ ਐਕਟਿਵ ਕੇਸ ਹਨ ਜਿਨ੍ਹਾਂ ਵਿੱਚ 19 ਯਮੁਨਾਨਗਰ ਦੇ ਹਨ ਜਦਕਿ 5 ਹੋਰ ਥਾਵਾਂ ਦੇ ਹਨ । ਸਿਵਲ ਸਰਜਨ ਡਾ. ਵਿਜੈ ਦਹੀਆ ਨੇ ਲੋਕਾਂ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ’ਤੇ ਅਮਲ ਕਰਨ ਦੀ ਅਪੀਲ ਕੀਤੀ ਹੈ।