ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਕਤੂਬਰ
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੇ ਨਿਰਦੇਸ਼ਾਂ ’ਤੇ ਅਗਲੇ ਹਫਤੇ ਤੋਂ ਬੀਪੀਓ, ਰੈਸਟੋਰੈਂਟ, ਦਵਾਈਆਂ ਦੀਆਂ ਦੁਕਾਨਾਂ, ਟਰਾਂਸਪੋਰਟ ਤੇ ਯਾਤਰਾ ਸੇਵਾਵਾਂ ਸਮੇਤ 300 ਤੋਂ ਵੱਧ ਅਦਾਰੇ ਹੁਣ 24 ਘੰਟੇ ਸੇਵਾ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਉਪ ਰਾਜਪਾਲ ਨੇ ਸਾਲ 2016 ਤੋਂ ਲੰਬਿਤ 314 ਅਜਿਹੀਆਂ ਅਰਜ਼ੀਆਂ ਨੂੰ ਛੋਟ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਇਸ ਸਬੰਧੀ 7 ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਰੈਸਟੋਰੈਂਟਾਂ, ਟਰਾਂਸਪੋਰਟ ਸੇਵਾਵਾਂ ਤੇ ਬੀਪੀਓਜ਼ ਤੋਂ ਲੈ ਕੇ ਆਨਲਾਈਨ ਡਿਲਵਰੀ ਸੇਵਾਵਾਂ ਤੱਕ, ਛੋਟਾਂ ਲਈ ਅਰਜ਼ੀ ਦੇਣ ਵਾਲੇ ਸਾਰੇ ਲੋਕਾਂ ਨੂੰ ਅਗਲੇ ਹਫ਼ਤੇ ਤੋਂ ਦਿੱਲੀ ਵਿੱਚ 24×7 ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਪ ਰਾਜਪਾਲ ਵੀ ਕੇ ਸਕਸੈਨਾ ਨੇ ਅਜਿਹੇ 314 ਸਥਾਨਾਂ ਨੂੰ ਸਾਰਾ ਦਿਨ ਕੰਮ ਕਰਨ ਲਈ ਛੋਟ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਕੁਝ ਉਨ੍ਹਾਂ ਵਿੱਚੋਂ 2016 ਤੋਂ ਲੰਬਿਤ ਹਨ। ਐਲ-ਜੀ ਨੇ ਨਿਰਦੇਸ਼ ਦਿੱਤਾ ਹੈ ਕਿ ਇਸ ਸਬੰਧੀ ਨੋਟੀਫਿਕੇਸ਼ਨ ਸੱਤ ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇ। ਇੱਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਦੁਕਾਨਾਂ ਤੇ ਸਥਾਪਨਾ ਐਕਟ, 1954 ਦੇ ਸੈਕਸ਼ਨ 14, 15 ਤੇ 16 ਦੇ ਤਹਿਤ ਛੋਟ ਦੇਣ ਦੇ ਫੈਸਲੇ ਨਾਲ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਇਹ ਫੈਸਲਾ ਸ਼ਹਿਰ ਵਿੱਚ ਬਹੁਤ ਲੋੜੀਂਦੀ ‘ਨਾਈਟ ਲਾਈਫ’ ਨੂੰ ਵੀ ਹੁਲਾਰਾ ਦੇਵੇਗਾ। ਅਦਾਰੇ ਇਹਨਾਂ ਛੋਟਾਂ ਨੂੰ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਮੂਲ ਕਾਨੂੰਨ ਦੀ ਧਾਰਾ 14 ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਔਰਤਾਂ ਜਾਂ ਨੌਜਵਾਨਾਂ ਨੂੰ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਕੰਮ ਕਰਨ ਲਈ ਨਹੀਂ ਕਿਹਾ ਜਾ ਸਕਦਾ। ਸੈਕਸ਼ਨ 15 ਦੇ ਅਨੁਸਾਰ ਸਰਕਾਰ ਨੂੰ ਅਦਾਰਿਆਂ ਦੇ ਖੁੱਲ੍ਹਣ ਤੇ ਬੰਦ ਹੋਣ ਦਾ ਸਮਾਂ ਨਿਰਧਾਰਤ ਕਰਨ ਦਾ ਅਧਿਕਾਰ ਹੈ।