ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਪਰੈਲ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕੋਵਿਡ-19 ਲਈ ਡਿਊਟੀ ਦੌਰਾਨ ਕਰੋਨਾ ਕਾਰਨ ਜਾਨ ਗੁਆਉਣ ਵਾਲੇ ਡਾਕਟਰ ਮਿਥਿਲੇਸ਼ ਕੁਮਾਰ ਸਿੰਘ ਅਤੇ ਸਰਕਾਰੀ ਡਿਸਪੈਂਸਰੀ ਵਿੱਚ ਕੰਮ ਕਰ ਰਹੀ ਮੁਨੀਸ਼ ਦੇਵੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਦਿੱਲੀ ਸਰਕਾਰ ਵੱਲੋਂ ਇਨ੍ਹਾਂ ਕਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ।
ਸਵਰਗੀ ਡਾ. ਮਿਥਿਲੇਸ਼ ਕੁਮਾਰ ਸਿੰਘ ਦੀ ਪਤਨੀ ਨੂੰ ਮੁਹੱਲਾ ਕਲੀਨਿਕ ਵਿੱਚ ਨੌਕਰੀ ਦੇਣ ਦਾ ਵੀ ਐਲਾਨ ਕੀਤਾ। ਇਸ ਦੌਰਾਨ ਸਿਹਤ ਮੰਤਰੀ ਨੇ ਦੱਸਿਆ ਕਿ ਡਾ. ਮਿਥਿਲੇਸ਼ ਦਿੱਲੀ ਦੇ ਮਹਾਰਾਜਾ ਅਗਰਸੇਨ ਹਸਪਤਾਲ ਵਿੱਚ ਕਰੋਨਾ ਮਰੀਜ਼ਾਂ ਦੀ ਸੇਵਾ ਕਰ ਰਹੇ ਸਨ। ਇਸ ਦੇ ਨਾਲ ਹੀ ਮੁਨੀਸ਼ ਦੇਵੀ ਤਿਮਾਰਪੁਰ ਡਿਸਪੈਂਸਰੀ ਵਿੱਚ ਬਤੌਰ ਨਰਸ ਕੰਮ ਕਰਦੀ ਸੀ। ਡਿਊਟੀ ਕਰਦੇ ਹੋਏ ਉਹ ਕਰੋਨਾ ਪਾਜ਼ੇਟਿਵ ਹੋ ਗਏ ਤੇ ਲੋਕਾਂ ਦੀ ਸੇਵਾ ਕਰਦੇ ਹੋਏ ਉਸ ਦੀ ਮੌਤ ਹੋ ਗਈ। ਭਾਵੇਂ ਐਕਸ-ਗ੍ਰੇਸ਼ੀਆ ਰਾਸ਼ੀ ਨਾਲ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਹੋ ਸਕੇਗੀ ਪਰ ਉਮੀਦ ਹੈ ਕਿ ਇਸ ਆਰਥਿਕ ਮਦਦ ਨਾਲ ਪਰਿਵਾਰ ਨੂੰ ਕੁਝ ਮਦਦ ਜ਼ਰੂਰ ਮਿਲੇਗੀ। ਦਿੱਲੀ ਸਰਕਾਰ ਨੇ ਹੁਣ ਤੱਕ ਅਜਿਹੇ 29 ਕਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮਾਣ ਭੱਤਾ ਦਿੱਤਾ ਹੈ। ਸਿਹਤ ਮੰਤਰੀ ਅੱਜ ਬਾਹਰੀ ਦਿੱਲੀ ਦੇ ਖੇੜਾ ਕਲਾਂ ਪਿੰਡ ਵਿੱਚ ਕਰੋਨਾ ਯੋਧੇ ਮਰਹੂਮ ਮੁਨੀਸ਼ ਦੇਵੀ ਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਪਹੁੰਚੇ। ਮੁਨੀਸ਼ ਦੇਵੀ ਦੀ ਮੌਤ 29 ਅਪਰੈਲ 2021 ਨੂੰ ਕਰੋਨਾ ਡਿਊਟੀ ਦੌਰਾਨ ਕਰੋਨਾ ਕਾਰਨ ਮੌਤ ਹੋ ਗਈ ਸੀ। ਸ੍ਰੀ ਜੈਨ ਨੇ ਮੁਨੀਸ਼ ਦੇਵੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਅਤੇ ਭਵਿੱਖ ਵਿੱਚ ਵੀ ਲੋੜ ਪੈਣ ‘ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।