ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਕੁਝ ਸਮੇਂ ਤੋਂ ਵਧਦੇ ਤਾਪਮਾਨ ਕਾਰਨ ਦਿੱਲੀ ਵਾਸੀ ਪ੍ਰੇਸ਼ਾਨ ਹਨ ਜਦੋਂਕਿ ਜ਼ਿਆਦਾਤਰ ਲੋਕ ਮੌਨਸੂਨ ਦੀ ਸ਼ੁਰੂਆਤ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ 13 ਜੂਨ ਨੂੰ ਗਰਮੀ ਦੀ ਚਿਤਾਵਨੀ ਦਿੱਤੀ ਤੇ ਯੈਲੋ ਅਲਰਟ ਜਾਰੀ ਕੀਤਾ ਸੀ ਪਰ ਦਿੱਲੀ ਦੇ ਇੱਕ ਮੌਸਮ ਕੇਂਦਰ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਰਾਸ਼ਟਰੀ ਰਾਜਧਾਨੀ ਦੇ ਬੇਸ ਸਟੇਸ਼ਨ ਸਫਦਰਜੰਗ ਆਬਜ਼ਰਵੇਟਰੀ ਦਾ ਵੱਧ ਤੋਂ ਵੱਧ ਤਾਪਮਾਨ 43.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਵਧਦਾ ਤਾਪਮਾਨ ਮੁੱਖ ਤੌਰ ’ਤੇ ਇਸ ਲਈ ਹੈ ਕਿਉਂਕਿ ਗਰਮ ਅਤੇ ਖੁਸ਼ਕ ਪੱਛਮੀ ਉੱਤਰੀ ਪੱਛਮੀ ਭਾਰਤ ਵਿੱਚ ਗਰਮ ਹਵਾਵਾਂ ਫੈਲ ਰਹੀਆਂ ਹਨ। ਆਈਐੱਮਡੀ ਦੇ ਅੰਕੜਿਆਂ ਅਨੁਸਾਰ ਅਕਸ਼ਰਧਾਮ ਮੰਦਰਾਂ ਦੇ ਨੇੜੇ ਸਪੋਰਟਸ ਕੰਪਲੈਕਸ ਆਟੋਮੈਟਿਕ ਮੌਸਮ ਸਟੇਸ਼ਨ ਸ਼ਹਿਰ ਦਾ ਸਭ ਤੋਂ ਗਰਮ ਹਿੱਸਾ ਰਿਹਾ। ਉਥੇ ਵੱਧ ਤੋਂ ਵੱਧ ਤਾਪਮਾਨ 46.7 ਡਿਗਰੀ ਸੈਲਸੀਅਸ ਰਿਹਾ। ਸ਼ਹਿਰ ਵਿੱਚ ਸਾਧਾਰਨ ਤਾਪਮਾਨ ਨਾਲੋਂ ਵੱਧ ਤਾਪਮਾਨ ਵਾਲੇ ਕੁਝ ਹੋਰ ਖੇਤਰ ਨਜਫਗੜ੍ਹ , ਮੁੰਗੇਸ਼ਪੁਰ ਤੇ ਪੀਤਮਪੁਰਾ ਅਤੇ ਰਿਜ ਸਟੇਸ਼ਨ ਰਹੇ। ਮੌਸਮ ਮਾਹਿਰਾਂ ਅਨੁਸਾਰ 15, 16 ਜੂਨ ਨੂੰ ਸ਼ਹਿਰ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਏਜੰਸੀ ਨੇ ਆਉਣ ਵਾਲੇ ਹਫਤੇ ਦੇ ਅੰਤ ਵਿੱਚ ਗਰਜ, ਤੇਜ਼ ਹਵਾਵਾਂ, ਬੱਦਲ ਛਾਏ ਅਸਮਾਨ ਅਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਸਫਦਰਜੰਗ ਆਬਜ਼ਰਵੇਟਰੀ ਵਿੱਚ 18 ਜੂਨ ਤੱਕ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ। ਸ਼ਹਿਰ ਵਿੱਚ 27 ਜੂਨ ਦੇ ਨੇੜੇ ਮੌਨਸੂਨ ਦੀ ਉਮੀਦ ਹੈ। ਸਕਾਈਮੇਟ ਵੈਦਰ ਦੇ ਅਨੁਸਾਰ ਇੱਕ ਜਾਂ ਦੋ ਹਫ਼ਤੇ ਵਿੱਚ ਮੌਨਸੂਨ ਦੇ ਆਉਣ ਦੀ ਸਪੱਸ਼ਟ ਤਸਵੀਰ ਸਾਹਮਣੇ ਆ ਜਾਵੇਗੀ। ਗਰਮੀ ਦੇ 25 ਦਿਨਾਂ ਵਿੱਚ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੇ ਇਸ ਤੋਂ ਵੱਧ ਰਿਹਾ ਹੈ। ਇਹ 2012 ਤੋਂ ਬਾਅਦ ਅਜਿਹੇ ਦਿਨਾਂ ਦੀ ਸਭ ਤੋਂ ਵੱਧ ਗਿਣਤੀ ਹੈ। 2012 ਦੇ ਆਈਐੱਮਡੀ ਦੇ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ 30 ਦਿਨਾਂ ਲਈ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਰਿਹਾ। 2010 ਵਿੱਚ 35 ਦਿਨਾਂ ਦੌਰਾਨ 42 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਸੀ।