ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਦਸੰਬਰ
ਸਿੱਖ ਧਰਮ ਵਿੱਚ ਪੰਜ ਪਿਆਰੇ ਕੌਣ ਸਨ ਇਹ ਘੱਟ ਲੋਕ ਹੀ ਜਾਣਦੇ ਹਨ। ਦਰਅਸਲ, ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰ ਬਹੁਤ ਹੀ ਦਲੇਰ ਤੇ ਬਹਾਦਰ ਸਨ। ਇਨ੍ਹਾਂ ਬਹਾਦਰਾਂ ਦੀਆਂ ਪੀੜ੍ਹੀਆਂ ਅੱਜ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਸਦੀਆਂ ਹਨ। ਜਿਨ੍ਹਾਂ ਦੇ ਪੁਰਖਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਤਸ਼ਦਦ ਨੂੰ ਸਮਾਪਤ ਕਰਨ ਲਈ ਹਰ ਸੰਭਵ ਲੜਾਈ ਲੜੀ। ਉਨ੍ਹਾਂ ਦੀ ਪੀੜ੍ਹੀ ਨੂੰ ਸਨਮਾਨ ਦੇਣ ਦਾ ਬੀੜਾ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਨੇ ਚੁਕਿਆ ਹੈ। ਸ਼ਨਿਚਵਾਰ ਨੂੰ ਇਸ ਵਿਸ਼ੇ ’ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਇੱਕ ਪ੍ਰੈਸ ਕਾਨਫ਼ਰੰਸ ਰਾਹੀਂ ਦੱਸਿਆ ਕਿ 7 ਦਸੰਬਰ ਨੂੰ ਪੰਜ ਪਿਆਰਿਆਂ ਦੇ ਵੰਸ਼ਜਾਂ ਨੂੰ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰਿਆਂ ਦੇ ਵੰਸ਼ਜ ਦੀ 13ਵੀਂ-14ਵੀਂ ਪੀੜ੍ਹੀ ਦੇ 9 ਪਰਿਵਾਰ ਹਨ। ਇਸ ਤੋਂ ਪਹਿਲਾਂ ਵੀ ਇਨ੍ਹਾਂ ਦੇ ਦੋ ਵੰਸ਼ਜਾਂ ਨੂੰ ਸਨਮਾਨਿਤ ਕੀਤਾ ਜਾ ਚੁਕਿਆ ਹੈ। ਅਜਿਹੇ ਲੋਕਾਂ ਦੀ ਖੋਜ-ਖ਼ਬਰ ਲੈਣ ਦੀ ਜਿੰਮੇਵਾਰੀ ਕਿਸੇ ਨੇ ਨਹੀਂ ਕੀਤੀ ਪਰ ਭਗਵਾਨ ਸਿੰਘ ਖੋਜੀ ਨੇ ਇਹ ਬੀੜਾ ਉਠਾਇਆ ਹੈ ਜੋ 7 ਦਸੰਬਰ ਨੂੰ ਸਾਡੇ ਸਨਮੁਖ ਹੋਣਗੇ।
ਹਰਮਨਜੀਤ ਸਿੰਘ ਨੇ ਦੱਸਿਆ ਕਿ 7 ਦਸੰਬਰ ਨੂੰ ਗੁਰਦੁਆਰਾ ਰਾਜੌਰੀ ਗਾਰਡਨ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਕਈ ਇਤਿਹਾਸਕ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੁਕਮਨਾਮੇ ਅਤੇ ਹੋਰ ਇਤਿਹਾਸਕ ਪ੍ਰਤੀਕ ਚਿੰਨ੍ਹ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਮੈਂ ਭਗਵਾਨ ਸਿੰਘ ਖੋਜੀ ਦੀ ਪੂਰੀ ਟੀਮ ਦਾ ਆਭਾਰ ਪ੍ਰਗਟ ਕਰਦਾ ਹਾਂ ਜਿਨ੍ਹਾਂ 20 ਸਾਲਾਂ ਤੋਂ ਇਹ ਖੋਜਬੀਨ ਕੀਤੀ ਹੈ।