ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਗੈਰ ਘਰੇਲੂ, ਵਪਾਰਕ ਤੇ ਉਦਯੋਗਿਕ ਖਪਤਕਾਰਾਂ ਦੀਆਂ ਮੁਸ਼ਕਲਾਂ ਤੇ ਉਦਯੋਗਿਕ ਸੰਗਠਨਾਂ ਦੀ ਮੰਗ ਦੇ ਮੱਦੇਨਜ਼ਰ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਅਪਰੈਲ 2020 ਤੇ ਮਈ 2020 ਦੇ ਪੂਰੇ ਤਾਲਾਬੰਦੀ ਦੇ ਅਰਸੇ ਦੌਰਾਨ ਬਿਜਲੀ ਨਿਰਧਾਰਤ ਚਾਰਜ ਨੂੰ 50 ਫ਼ੀਸਦ ਤੱਕ ਘਟਾ ਦਿੱਤਾ ਹੈ। ਇਸ ਮਿਆਦ ਦੇ ਦੌਰਾਨ ਇਨ੍ਹਾਂ ਖਪਤਕਾਰਾਂ ਨੂੰ 250 ਰੁਪਏ ਪ੍ਰਤੀ ਕੇਵੀਏ ਦੀ ਬਜਾਏ ਪ੍ਰਤੀ ਮਹੀਨਾ 125 ਰੁਪਏ ਪ੍ਰਤੀ ਕੇਵੀਏ ਦੇਣੇ ਪੈਣਗੇ। ਦਿੱਲੀ ਦੇ ਬਿਜਲੀ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਗੈਰ ਘਰੇਲੂ ਤੇ ਵਪਾਰਕ ਉਪਭੋਗਤਾਵਾਂ ਲਈ ਇਹ ਵੱਡੀ ਰਾਹਤ ਹੋਵੇਗੀ। ਇਹ ਛੋਟ ਦੇਣ ‘ਤੇ ਸਰਕਾਰ’ ਤੇ ਲਗਪਗ 160 ਕਰੋੜ ਰੁਪਏ ਦਾ ਬੋਝ ਪਵੇਗਾ। ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਆਦੇਸ਼ ਨੂੰ ਟਵੀਟ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਕਟ ਦੀ ਘੜੀ ’ਚ ਦਿੱਲੀ ਸਰਕਾਰ ਦਿੱਲੀ ਦੇ ਲੋਕਾਂ ਦੇ ਨਾਲ ਖੜ੍ਹੀ ਹੈ।