ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਅਗਸਤ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਸੀਬੀਆਈ ਜਾਂਚ ਸ਼ੁਰੂ ਹੋਣ ਤੇ ਕੌਮੀ ਰਾਜਧਾਨੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਜੇਲ੍ਹ ਵਿੱਚ ਹੋਣ ਦੌਰਾਨ ਭਲਕੇ ਸ਼ੁੱਕਰਵਾਰ ਨੂੰ 11 ਵਜੇ ਹੋ ਰਹੇ ਵਿਸ਼ੇਸ਼ ਸੈਸ਼ਨ ਵਿੱਚ ਭਰਪੂਰ ਹੰਗਾਮਾ ਹੋਣ ਦੇ ਆਸਾਰ ਹਨ, ਜਿੱਥੇ ਵਿਰੋਧੀ ਧਿਰ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ਉਪਰ ਘੇਰਨ ਦੀ ਰਣਨੀਤੀ ਉਲੀਕੀ ਹੈ, ਉੱਥੇ ਹੀ ਕੇਜਰੀਵਾਲ ਸਰਕਾਰ ਕੇਂਦਰੀ ਏਜੰਸੀਆਂ ਵੱਲੋਂ ਦਿੱਲੀ ਦੀ ਆਬਕਾਰੀ ਨੀਤੀ ਦੀ ਜਾਂਚ ਦੇ ਬਹਾਨੇ ‘ਆਪ’ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੇ ਮੁੱਦੇ ਉਠਾਏਗੀ।
ਇਸ ਵਿਸ਼ੇਸ਼ ਸੈਸ਼ਨ ਦੇ ਕਾਰਨ ਹੀ ਸ਼ੁਕਰਵਾਰ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋਣ ਵਾਲੀ ਬੈਠਕ ਨਹੀਂ ਹੋ ਸਕੇਗੀ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਦਰਮਿਆਨ ਹਫ਼ਤਾਵਾਰੀ ਮੀਟਿੰਗ ਭਲਕੇ ਸ਼ੁਕਰਵਾਰ ਨੂੰ ਨਹੀਂ ਹੋ ਰਹੀ ਕਿ ਵਿਧਾਨ ਸਭਾ ਸੈਸ਼ਨ ਭਲਕੇ 11 ਵਜੇ ਤੈਅ ਹੈ।
ਕੇਜਰੀਵਾਲ ਸਰਕਾਰ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਕੇਂਦਰ ਦੀ ਸੱਤਾਧਾਰੀ ਭਾਜਪਾ ਨੇ ਕੇਂਦਰੀ ਏਜੰਸੀਆਂ ਰਾਹੀਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਰਾਹੀਂ ਝੂਠੀ ਐਫਆਈਆਰ ਦਰਜ ਕਰਵਾਈ ਹੈ।‘ਆਪ’ ਵੱਲੋਂ ਹੁਣ ਤਾਜ਼ਾ ਮਾਮਲਾ ਪਾਰਟੀ ਦੇ 40 ਵਿਧਾਇਕਾਂ ਨੂੰ ਖਰੀਦਣ ਦਾ ਉਠਾਇਆ ਹੈ ਤੇ ਕੌਮੀ ਕਨਵੀਨਰ ਤੇ ਅਰਵਿੰਦ ਕੇਜਰੀਵਾਲ ਤੇ ਬੁਲਾਰੇ ਸੌਰਭ ਭਾਰਦਵਾਜ ਨੇ ਲਗਾਤਾਰ ਭਾਜਪਾ ਨੂੰ ਨਿਸ਼ਾਨਾ ਬਣਾਇਆ ਹੈ। ਦੋਨਾਂ ਆਗੂਆਂ ਨੇ ਭਾਜਪਾ ਉਪਰ ਸਰਕਾਰ ਡੇਗਣ ਲਈ ਧਨ ਦੀ ਵਰਤੋਂ ਤੇ ਇਸ ਕੰਮ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਦੇ ਦੋਸ਼ ਲਾਏ ਹਨ। ‘ਆਪ’ ਵੱਲੋਂ ਹੋਰ ਰਾਜਾਂ ਦੀਆਂ ਸਰਕਾਰਾਂ ਵਿੱਚ ਸੰਨ੍ਹ ਲਾ ਕੇ ਭਾਜਪਾ ਵੱਲੋਂ ਉੱਥੇ ਸਰਕਾਰਾਂ ਬਣਾਉਣ ਦੀਆਂ ਉਦਾਹਰਣਾਂ ਵੀ ਦਿੱਤੀਆਂ ਹਨ। ‘ਆਪ’ ਵਿਧਾਇਕ ਤੇ ਪੰਜਾਬ ‘ਆਪ’ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਭਾਜਪਾ ਨੇ 12 ਵਿਧਾਇਕਾਂ ਕੋਲ ਪਹੁੰਚ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ 2013 ਵਿੱਚ ਭਾਜਪਾ ਨੇ ਉਨ੍ਹਾਂ (ਜਰਨੈਲ ਸਿੰਘ) ਕੋਲ ਵੀ ਪਹੁੰਚ ਕੀਤੀ ਸੀ ਪਰ ਮੂੰਹ ਦੀ ਖਾਣੀ ਪਈ ਸੀ।
ਵਿਰੋਧੀ ਧਿਰ ਵੀ ਇਸ ਸੈਸ਼ਨ ਦੌਰਾਨ ‘ਆਪ’ ਤੋਂ ਸ਼ਰਾਬ ਨੀਤੀ ਬਾਰੇ ਸਵਾਲ ਪੁੱਛੇਗੀ ਕਿ ਜਿਸ ਨੀਤੀ ਨੂੰ ਪਹਿਲਾਂ ਕੇਜਰੀਵਾਲ ਸਰਕਾਰ ਪਾਰਦਰਸ਼ੀ ਤੇ ਵਧੀਆ ਨੀਤੀ ਕਰਾਰ ਦੇ ਰਹੀ ਸੀ ਹੁਣ ਉਸ ਨੂੰ ਵਾਪਸ ਕਿਉਂ ਲਿਆ ਗਿਆ? ਮੀਡੀਆ ਵੀ ਵਾਰ-ਵਾਰ ‘ਆਪ’ ਦੇ ਆਗੂਆਂ ਤੋਂ ਇਹੀ ਸਵਾਲ ਕਰਦਾ ਆ ਰਿਹਾ ਹੈ। ਭਾਜਪਾ ਆਗੂਆਂ ਵੱਲੋਂ ਸੀਬੀਆਈ ਜਾਂਚ ਤੇ ਸਤਿੰਦਰ ਜੈਨ ਨਾਲ ਜੁੜੇ ਮੁੱਦੇ ਨੂੰ ਉਠਾਇਆ ਜਾਵੇਗਾ।
ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ’ਚ ਸ਼ਰਾਬ ਘੁਟਾਲੇ ’ਤੇ ਚਰਚਾ ਹੋਵੇ: ਕਾਂਗਰਸ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 2021-22 ਲਈ ਨਵੀਂ ਆਬਕਾਰੀ ਨੀਤੀ ਲਾਗੂ ਕਰਨ ਤੋਂ ਪਹਿਲਾਂ ਭਲਕੇ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ’ਚ ਸਦਨ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਉਸ ਸਮੇਂ ਝੂਠ ਬੋਲ ਕੇ ਸਦਨ ਨੂੰ ਗੁੰਮਰਾਹ ਕੀਤਾ ਸੀ ਕਿ ਨੀਤੀ ਨਾਲ ਮਾਲੀਆ ਵਧੇਗਾ ਜਿਸ ਨਾਲ ਦਿੱਲੀ ਆਰਥਿਕ ਤੌਰ ’ਤੇ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਕੱਟੜ ਇਮਾਨਦਾਰੀ ਦਾ ਚੋਲਾ ਪਹਿਨਣ ਵਾਲੇ ਕੇਜਰੀਵਾਲ ਤੇ ਸਿਸੋਦੀਆ ਭ੍ਰਿਸ਼ਟਾਚਾਰ ’ਚ ਰਿਕਾਰਡ ਕਾਇਮ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਉਹ ਦਿੱਲੀ ਦੇ ਸ਼ਰਾਬ ਘੁਟਾਲੇ ’ਤੇ ਵਾਈਟ੍ਹ ਪੇਪਰ ਲਿਆਉਣ ਅਤੇ ਸ਼ਰਾਬ ਨੀਤੀ ਨੂੰ ਲਾਗੂ ਕਰਨ ਤੋਂ ਲੈ ਕੇ ਲਾਇਸੈਂਸਾਂ ਦੀ ਅਲਾਟਮੈਂਟ ਤੱਕ ਦੇ ਭ੍ਰਿਸ਼ਟਾਚਾਰ ’ਤੇ ਕੇਜਰੀਵਾਲ ਚਰਚਾ ਕਰਨ। ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਇੰਨੀ ਹੀ ਵਧੀਆ ਸੀ ਤਾਂ 2021-22 ਦੀ ਨਵੀਂ ਆਬਕਾਰੀ ਨੀਤੀ ਬਿਨਾਂ ਕਿਸੇ ਚਰਚਾ ਤੇ ਵਿਚਾਰ ਦੇ ਸੀਬੀਆਈ ਜਾਂਚ ਤੋਂ ਤੁਰੰਤ ਬਾਅਦ ਵਾਪਸ ਕਿਉਂ ਲੈ ਲਈ ਗਈ। ਦਿੱਲੀ ਵਿਧਾਨ ਸਭਾ ਦੇ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ ’ਚ ਸ਼ਰਾਬ ਘੁਟਾਲੇ ਦੀ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਂਦੇ ਹਨ ਪਰ ਵਿਸ਼ੇ ਤੋਂ ਹਟ ਕੇ ਰਾਜਨੀਤੀ ਤੇ ਵਿਧਾਨ ਸਭਾ ’ਚ ਆਪਣੇ ਐਲਾਨ ਬਾਰੇ ਗੱਲ ਕਰਦੇ ਹਨ।