ਕੁਲਦੀਪ ਸਿੰਘ
ਨਵੀਂ ਦਿੱਲੀ, 24 ਨਵੰਬਰ
ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਪੁਸਤਕ ਚਰਚਾ ਦੇ ਮਹੀਨਾਵਾਰ ਪ੍ਰੋਗਰਾਮ ਤਹਿਤ ਇਸ ਵਾਰ ਡਾ. ਮਹਿੰਦਰ ਸਿੰੰਘ ਰਾਹੀਂ ਲਿਖੀ ਅਤੇ ਨੈਸ਼ਨਲ ਬੁੱਕ ਟਰੱਸਟ ਰਾਹੀਂ ਛਾਪੀ ਪੁਸਤਕ ‘ਡਾ. ਗੰਡਾ ਸਿੰਘ: ਇਤਿਹਾਸਕਾਰ ਤੇ ਸੰਸਥਾਵਾਂ ਦੇ ਉਸਰੱਈਏ’ ਉਪਰ ਚਰਚਾ ਕਰਵਾਈ ਗਈ। ਇਸ ਉਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਪ੍ਰੋ. ਵਾਈਸ ਚਾਂਸਲਰ ਅਤੇ ਪ੍ਰਮੁੱਖ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਅਤੇ ਖਾਲਸਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਊਭਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦਾ ਸੰਚਾਲਨ ਦੇਸ਼ ਬੰਧੂ ਕਾਲਜ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਮੁਨੀਸ਼ ਕੁਮਾਰ ਨੇ ਕੀਤਾ। ਲੇਖਕ ਡਾ. ਮਹਿੰਦਰ ਸਿੰਘ ਵੀ ਚਰਚਾ ‘ਚ ਸ਼ਾਮਲ ਹੋਏ। ਪ੍ਰੋਗਰਾਮ ਦਾ ਆਰੰਭ ਕਰਦਿਆਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਪ੍ਰੋਫ਼ੈਸਰ ਰਵੇਲ ਸਿੰਘ ਨੇ ਕਿਤਾਬ ਬਾਰੇ ਸੰਖੇਪ ‘ਚ ਦੱਸਦਿਆਂ ਸਭ ਨੂੰ ਜੀਓ ਆਇਆਂ ਕਿਹਾ। ਉਪਰੰਤ ਡਾ. ਮੁਨੀਸ਼ ਕੁਮਾਰ ਦੋਵੇਂ ਵਕਤਿਆਂ ਅਤੇ ਲੇਖਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਇਤਿਹਾਸਕਾਰ ਡਾ. ਗੰਡਾ ਸਿੰਘ ਬਾਰੇ ਲਿਖੀ ਇਸ ਪੁਸਤਕ ਨੂੰ ਬਹੁਪੱਖੀ ਸਿਰਜਨਾ ਦੱਸਦਿਆਂ ਚਰਚਾ ਦਾ ਆਰੰਭ ਕੀਤਾ। ਪ੍ਰੋ. ਕਪੂਰ ਨੇ ਆਪਣੇ ਵਿਆਖਿਆਨ ‘ਚ ਡਾ. ਗੰਡਾ ਸਿੰਘ ਦੇ ਜੀਵਨ ਦੇ ਉਹਨਾਂ ਹਾਲਾਤਾਂ ਦਾ ਵਰਣਨ ਕੀਤਾ। ਡਾ. ਧਰਮਿੰਦਰ ਸਿੰਘ ਊਭਾ ਨੇ ਡਾ. ਗੰਡਾ ਸਿੰਘ ਦੀ ਸ਼ਖ਼ਸੀਅਤ, ਕਾਰਜ ਵਿਧੀ ਤੇ ਇਤਿਹਾਸਕ ਦੇਣ ’ਤੇ ਚਾਨਣਾ ਪਾਉਂਦੀ ਇਸ ਪੁਸਤਕ ਨੂੰ ਭਾਸ਼ਾ ਦੀ ਸਰਲਤਾ, ਰਵਾਨਗੀ ਅਤੇ ਇਕਾਗਰ ਸੋਚ ਸਦਕਾ ਆਮ ਪਾਠਕਾਂ ਦੇ ਨੇੜੇ ਦੀ ਪੁਸਤਕ ਕਿਹਾ। ਉਨ੍ਹਾਂ ਇਸ ਪੁਸਤਕ ਦੇ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ’ਚ ਅਨੁਵਾਦ ਦੀ ਲੋੜ ’ਤੇ ਜ਼ੋਰ ਦਿੱਤਾ। ਲੇਖਕ ਡਾ. ਮਹਿੰਦਰ ਸਿੰਘ ਨੇ ਆਪਣੇ ਉਸਤਾਦ ਡਾ. ਗੰਡਾ ਸਿੰਘ ਬਾਰੇ ਲਿਖੀ ਇਸ ਪੁਸਤਕ ਨੂੰ ਉਨ੍ਹਾਂ ਪ੍ਰਤੀ ਸ਼ਰਧਾਂਜਲੀ ਦੇ ਰੂਪ ’ਚ ਲੈਂਦਿਆਂ ਡਾ. ਸਾਹਿਬ ਨਾਲ ਗੁਜਾਰੇ ਪਲਾਂ ਤੇ ਯਾਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਅਖ਼ੀਰ ‘ਚ ਡਾ. ਰਵੇਲ ਸਿੰਘ ਨੇ ਡਾ. ਗੰਡਾ ਸਿੰਘ ਬਾਰੇ ਲਿਖੀ ਇਸ ਪੁਸਤਕ ਨੂੰ ਮੌਜੂਦਾ ਹਾਲਾਤ ‘ਚ ਰਾਹ ਦਸੇਰਾ ਦੱਸਦਿਆਂ ਦੋਵੇਂ ਵਕਤਿਆਂ, ਸਰੋਤਿਆਂ ਅਤੇ ਸਭ ਦਾ ਹਾਰਦਿਕ ਧੰਨਵਾਦ ਕੀਤਾ।