ਨਵੀਂ ਦਿੱਲੀ: ਅੱਜ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਆਪਣੇ ਅਧਿਆਪਕ ਤੇ ਮਿੱਤਰ ਪ੍ਰੋ. ਹਨੀ ਬਾਬੂ ਨੂੰ ਯਾਦ ਕੀਤਾ ਅਤੇ ਉਸ ਦੀ ਗੈਰ-ਕਾਨੂੰਨੀ ਤੇ ਮਨਮਾਨੀ ਗ੍ਰਿਫ਼ਤਾਰੀ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਆਪਣੀ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਆਰਟਸ ਫੈਕਲਟੀ ਦੇ ਕਮਰਾ ਨੰਬਰ 46 ਦੇ ਸਾਹਮਣੇ ਵਿਦਿਆਰਥੀਆਂ ਨੇ ਦਿੱਲੀ ਯੂਨੀਵਰਸਿਟੀ ਦੀ ਆਰਟ ਫੈਕਲਟੀ ਵਿੱਚ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਤੇ ਪ੍ਰੋ. ਬਾਬੂ ’ਤੇ ਨੋਟ ਪੜ੍ਹੇ ਜੋ ਉਨ੍ਹਾਂ ਦੇ ਪਿਆਰੇ ਅਧਿਆਪਕ ਦਾ ਸੀ। ਵਿਦਿਆਰਥੀਆਂ ਨੇ ਪ੍ਰੋ. ਹਨੀ ਬਾਬੂ ਦੇ ਕਮਰੇ ਅੱਗੇ ਜੋਸ਼ੀਲੇ ਗਾਣੇ ਵੀ ਪੇਸ਼ ਕੀਤੇ ਤੇ ਸੱਤਾਧਾਰੀ ਨੂੰ ਨਿੰਦਿਆ। ਵਿਦਿਆਰਥੀ ਜਥੇਬੰਦੀ ਏ.ਆਈ.ਐਸ.ਏ ਨੇ ਸਮੂਹ ਵਿਦਿਆਰਥੀ ਤੇ ਅਧਿਆਪਕ ਭਾਈਚਾਰੇ ਨੂੰ 8 ਅਕਤੂਬਰ ਨੂੰ ਪ੍ਰੈਸ ਕਲੱਬ ਆਫ਼ ਇੰਡੀਆ ਵਿੱਚ ਹੋਣ ਵਾਲੀ ਆਗਾਮੀ ਪ੍ਰੈਸ ਕਾਨਫਰੰਸ ‘ਇੰਡੀਆ ਬਿਹਾਈਡ ਬਾਰਜ਼’ ਲਈ ਵੀ ਅਪੀਲ ਕੀਤੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ‘‘ਉਹ ਸੱਚ ਬੋਲਣ ਲਈ ਸਲਾਖਾਂ ਪਿੱਛੇ ਹਨ, ਅਸੀਂ ਸਲਾਖਾਂ ਦੇ ਬਾਹਰ ਹਾਂ, ਆਓ ਉਨ੍ਹਾਂ ਦੀ ਸਚਾਈ ਬੋਲੀਏ’’। -ਪੱਤਰ ਪ੍ਰੇਰਕ