ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਾਲ ਜੁੜੇ ਵਿਦਿਆਰਥੀਆਂ ਵੱਲੋਂ ਅੱਜ ਵਰਸਿਟੀ ਕੈਂਪਸ ਵਿੱਚ ਨਰਮਦਾ ਹੋਸਟਲ ਵਿੱਚ ਪੀਣ ਵਾਲੇ ਪਾਣੀ ਸਮੇਤ ਖਾਣੇ ਲਈ ਮੈੱਸ ਅੰਦਰ ਸਹੂਲਤਾਂ ਦੀ ਘਾਟ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ।
ਆਲ ਇੰਡੀਆ ਸਟੂਡੈਂਟਸ ਯੂਨੀਅਨ (ਆਇਸਾ) ਨੇ ਦੋਸ਼ ਲਾਇਆ ਕਿ ਵਿਦਿਆਰਥੀ ਕਈ ਮਹੀਨਿਆਂ ਤੋਂ ਪਾਣੀ ਦੀ ਘਾਟ ਦਾ ਮੁੱਦਾ ਪ੍ਰਸ਼ਾਸਨ ਦੇ ਧਿਆਨ ਵਿੱਚ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਆਇਸਾ ਦੇ ਕਾਰਕੁਨ ਸ਼ਹਿਜ਼ਾਦ ਨੇ ਦੱਸਿਆ ਕਿ ਇਸ ਹੋਸਟਲ ਸਮੇਤ ਹੋਰ ਹੋਸਟਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਪੀਣ ਵਾਲੇ ਪਾਣੀ ਤੇ ਮੈੱਸ ਦੀਆਂ ਘਾਟਾਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ। ਯੂਨੀਵਰਸਿਟੀ ਵਿੱਚ ਥਾਂ-ਥਾਂ ਏਸੀ ਖ਼ਰਾਬ ਹਨ ਤੇ ਪੜ੍ਹਨ ਵਾਲੇ ਕਮਰਿਆਂ ਵਿੱਚ ਬੈਠਣ ਦੀ ਸਹੂਲਤ ਨਹੀਂ ਹੈ। ਇੱਥੋਂ ਤੱਕ ਕਿ 2021 ਦੇ ਵਿਦਿਆਰਥੀਆਂ ਨੂੰ ਅਜੇ ਤੱਕ ਹੋਸਟਲਾਂ ਵਿੱਚ ਕਮਰੇ ਨਹੀਂ ਵੰਡੇ ਗਏ ਤੇ ਉਨ੍ਹਾਂ ਨੂੰ ਦਿੱਲੀ ਵਿੱਚ ਰਹਿਣਾ ਜੇਬਾਂ ਉਪਰ ਭਾਰੀ ਪੈ ਰਿਹਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਪ੍ਰਸ਼ਾਸਨ ਕੋਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਫੰਡਾਂ ਦੀ ਘਾਟ ਦਾ ਰੋਣਾ ਲੈ ਕੇ ਬੈਠ ਜਾਂਦੇ ਹਨ।
ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਦੇ ਕਾਰਕੁਨ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਅੱਜ ਸੇਂਟ ਸਟੀਫਨ ਕਾਲਜ ਵਿੱਚ ਦਾਖਲੇ ਦੇ ਮਾਪਦੰਡਾਂ ਖ਼ਿਲਾਫ਼ ਉੱਤਰੀ ਕੈਂਪਸ ਦੀ ਆਰਟਸ ਫੈਕਲਟੀ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ’ਤੇ ਬੈਠੇ। ਜ਼ਿਕਰਯੋਗ ਹੈ ਕਿ ਸਟੀਫਨ ਕਾਲਜ ਨੇ ‘ਸੀਯੂਈਟੀ’ ਸਕੋਰਾਂ ਤੋਂ ਇਲਾਵਾ ਇੰਟਰਵਿਊ ਲਈ 15 ਫ਼ੀਸਦੀ ਵੇਟੇਜ ਦੇਣ ਦਾ ਫ਼ੈਸਲਾ ਕੀਤਾ ਹੈ। ਸੇਂਟ ਪ੍ਰਦਰਸ਼ਨਕਾਰੀਆਂ ਨੇ ਸਟੀਫਨ ਕਾਲਜ ਵਿੱਚ ਦਾਖ਼ਲੇ ਲਈ ਇੰਟਰਵਿਊ ਦੇ ਮਾਪਦੰਡ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਡੀਯੂ ਦਾਖਲਾ ਪ੍ਰਕਿਰਿਆ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 20 ਫ਼ੀਸਦੀ ਡਿਪ੍ਰੀਵੇਸ਼ਨ ਪੁਆਇੰਟਾਂ ਦੀ ਸੰਸਥਾ ਅਤੇ ਡੀਯੂ ਦੇ ਸਾਰੇ ਰੈਗੂਲਰ ਕਾਲਜਾਂ ਵਿੱਚ ਸ਼ਾਮ ਦੀ ਸ਼ਿਫਟ ਸ਼ੁਰੂ ਕਰਨ ਦੀ ਵੀ ਮੰਗ ਕੀਤੀ।