ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜਨਵਰੀ
ਪਿਛਲੇ ਦਿਨਾਂ ਵਿੱਚ ਕਰੋਨਾਵਾਇਰਸ ਦੀ ਲਾਗ ਦਰ ਵਧਣ ਤੋਂ ਬਾਅਦ ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਹਫ਼ਤਾਵਾਰੀ ਕਰਫਿਊ ਲਗਾ ਦਿੱਤਾ। ਸ਼ੁੱਕਰਵਾਰ ਰਾਤ ਨੂੰ ਸ਼ੁਰੂ ਹੋਇਆ ਦੂਜਾ ਹਫ਼ਤਾਵਾਰੀ ਕਰਫਿਊ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਪ੍ਰਸ਼ਾਸਨ ਵੱਲੋਂ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਹਾਲਾਂਕਿ ਪਿਛਲੇ ਹਫਤੇ ਦੇ ਕਰਫਿਊ ਦੀ ਤਰ੍ਹਾਂ ਇਸ ਕਰਫਿਊ ਦੌਰਾਨ ਕੁਝ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਬਿਨਾਂ ਕੰਮ ਤੋਂ ਘਰੋਂ ਨਿਕਲਣ ਵਾਲੇ ਲੋਕਾਂ ਦੇ ਚਲਾਨ ਵੀ ਕੀਤੇ ਗਏ। ਹਫ਼ਤਾਵਾਰੀ ਕਰਫਿਊ ਤੋਂ ਬਾਅਦ ਰੋਹਿਣੀ ਦੇ ਮਾਲ, ਬਾਜ਼ਾਰ ’ਚ ਵੀ ਸੰਨਾਟਾ ਛਾਇਆ ਰਿਹਾ। ਸਿਰਫ਼ ਉਹੀ ਦੁਕਾਨਾਂ ਖੁੱਲ੍ਹੀਆਂ ਸਨ, ਜਿਨ੍ਹਾਂ ਨੂੰ ਨਿਯਮਾਂ ਅਨੁਸਾਰ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਸੀ। ਹਫ਼ਤਾਵਾਰੀ ਕਰਫਿਊ ਦੇ ਮੱਦੇਨਜ਼ਰ ਪੁਲੀਸ ਨੇ ਸ਼ੁੱਕਰਵਾਰ ਰਾਤ ਤੋਂ ਹੀ ਸਖਤ ਕਾਰਵਾਈ ਕੀਤੀ ਹੋਈ ਹੈ। ਦਸ ਵਜੇ ਤੱਕ ਮਾਲ ਬਾਜ਼ਾਰ ਅਤੇ ਦੁਕਾਨਾਂ ਬੰਦ ਹੋ ਗਈਆਂ। ਇਸ ਤੋਂ ਇਲਾਵਾ ਰੇਹੜੀ ਵਾਲੇ ਵੀ ਸਾਢੇ ਨੌਂ ਵਜੇ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਪਹੁੰਚ ਗਏ ਸਨ। ਪ੍ਰਸ਼ਾਸਨ ਦੇ ਸਖ਼ਤ ਹੁਕਮ ਸਨ ਕਿ ਕੋਈ ਵੀ ਦੁਕਾਨ ਨਾ ਖੋਲ੍ਹੀ ਜਾਵੇ। ਉਨ੍ਹਾਂ ਲੋਕਾਂ ਨੂੰ ਹੀ ਜਨਤਕ ਵਾਹਨਾਂ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਗਈ ਸੀ, ਜੋ ਦਿੱਲੀ ਵਿੱਚ ਕਿਸੇ ਜ਼ਰੂਰੀ ਕੰਮ ਜਾਂ ਕੰਮ ਲਈ ਬਾਹਰੋਂ ਆਏ ਸਨ। ਪੈ ਰਹੀ ਅਤਿ ਦੀ ਠੰਢ ਕਾਰਨ ਲੋਕ ਘਰਾਂ ’ਚ ਹੀ ਰਹੇ। ਕਈਆਂ ਨੇ ਟੀਵੀ ਜ਼ਰੀਏ ਪਰਿਵਾਰ ਨਾਲ ਸਮਾਂ ਬਿਤਾਇਆ। ਇਸ ਤੋਂ ਇਲਾਵਾ ਰਾਤ ਨੂੰ ਬਿਨਾਂ ਵਜ੍ਹਾ ਬਾਹਰ ਘੁੰਮਣ ਵਾਲਿਆਂ ਨੂੰ ਵੀ ਸਬਕ ਸਿਖਾਇਆ ਗਿਆ। ਹਫ਼ਤਾਵਾਰੀ ਕਰਫਿਊ ਦੌਰਾਨ ਸਿਰਫ ਉਨ੍ਹਾਂ ਡਰਾਈਵਰਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਸੀ, ਜਿਨ੍ਹਾਂ ਕੋਲ ਈ-ਪਾਸ ਸੀ ਜਾਂ ਕਿਸੇ ਜ਼ਰੂਰੀ ਕੰਮ ਲਈ ਆ ਰਹੇ ਸਨ। ਹਰਿਆਣਾ ਦੇ ਨਾਲ ਲੱਗਦੇ ਦਿੱਲੀ ਦੇ ਪਿੰਡਾਂ ਦੀਆਂ ਹੱਦਾਂ ’ਤੇ ਵੀ ਪੁਲੀਸ ਤਾਇਨਾਤ ਕੀਤੀ ਗਈ ਸੀ। ਬਿਨਾਂ ਕਿਸੇ ਕਾਰਨ ਦਿੱਲੀ ਵਿੱਚ ਦਾਖ਼ਲ ਹੋਣ ਵਾਲਿਆਂ ਦੇ ਚਲਾਨ ਕਰਕੇ ਵਾਪਸ ਭੇਜ ਦਿੱਤੇ ਗਏ। ਅਜਿਹੇ ਕਿਸੇ ਵੀ ਵਿਅਕਤੀ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕੋਲ ਜ਼ਰੂਰੀ ਕੰਮ ਨਾ ਹੋਵੇ। ਹਰਿਆਣਾ ਨਾਲ ਲੱਗਦੀਆਂ ਔਚੰਡੀ ਬਾਰਡਰ, ਮੁੰਗੇਸ਼ਪੁਰ, ਕੁਤੁਬਗੜ੍ਹ, ਤਤਸਰ, ਹੀਰੇਵਾਲੀ ਆਦਿ ’ਤੇ ਪੁਲੀਸ ਦੀ ਸਖਤੀ ਕਾਰਨ ਸੜਕਾਂ ਖਾਲੀ ਰਹੀਆਂ।