ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਨਵੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਦਿੱਲੀ ਸਰਕਾਰ ਦੀ ‘ਯੁੱਧ-ਪ੍ਰਦੂਸ਼ਣ ਵਿਰੁੱਧ’ ਮੁਹਿੰਮ ਨੂੰ ਦਿੱਲੀ ਦੇ ਤਿੰਨਾਂ ਨਗਰ ਨਿਗਮਾਂ ਦੇ ਕੁੱਲ 272 ਵਾਰਡਾਂ ਵਿੱਚ ਸ਼ੁਰੂ ਕਰਦੇ ਹੋਏ ਭਾਜਪਾ ਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦੀ ਹਿੱਸੇਦਾਰੀ 40 ਫ਼ੀਸਦ ਹੈ, ਪਰ ਭਾਜਪਾ ਤੇ ਕਾਂਗਰਸ ਇਸ ਤੱਥ ਨੂੰ ਨਹੀਂ ਮੰਨ ਰਹੀਆਂ। ਉਨ੍ਹਾਂ ਕਿਹਾ ਕਿ ਧਰਤ ਵਿਗਿਆਨ ਮੰਤਰਾਲੇ ਦੀ ਹਵਾ ਸ਼ੁੱਧਤਾ ਤੇ ਮੌਸਮ ਅਨੁਮਾਨ ਅਤੇ ਖੋਜ ਪ੍ਰਣਾਲੀ (ਸਫਰ) ਮੁਤਾਬਕ ਦਿੱਲੀ ਵਿੱਚ ਪਰਾਲੀ ਦੇ ਧੂੰਏਂ ਦੀ ਹਿੱਸੇਦਾਰੀ ਬੀਤੇ ਦਿਨ ਵਧ ਕੇ 40 ਫ਼ੀਸਦੀ ਹੋ ਗਈ, ਜੋ ਇਸ ਮੌਸਮ ਵਿੱਚ ਸਭ ਤੋ ਜ਼ਿਆਦਾ ਹੈ। ਉਨ੍ਹਾਂ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇੜਕਰ ਦੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਦਿੱਲੀ ਵਿੱਚ ਪਰਾਲੀ ਸਾੜੇ ਜਾਣ ‘ਤੇ ਪ੍ਰਦੂਸ਼ਣ 4 ਤੋਂ 6 ਫ਼ੀਸਦੀ ਹੈ। ਉਨ੍ਹਾਂ ਸਫਰ ਦੇ ਅੰਕੜਿਆਂ ਦੇ ਆਧਾਰ ’ਤੇ ਕਿਹਾ ਕਿ ਇਹ 40 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕਮਿਸ਼ਨ ਬਣਾ ਦੇਣ ਨਾਲ ਕੁਝ ਨਹੀਂ ਹੋਣ ਵਾਲਾ, ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਪਵੇਗੀ, ਕਿਉਂਕਿ ਦਿੱਲੀ ਸਰਕਾਰ ਆਪਣੇ ਸੂਬੇ ਦੇ ਲੋਕਾਂ ਨਾਲ ਮਿਲ ਕੇ ਪ੍ਰਦੂਸ਼ਣ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਪਰ ਗੁਆਂਢੀ ਰਾਜਾਂ ਦੇ ਧੂੰਏਂ ਨੂੰ ਰੋਕਣ ਵਿੱਚ ਅਸਮਰੱਥ ਹੈ।ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪਰਾਲੀ ਤੋਂ ਖਾਦ ਬਣਾਉਣ ਲਈ ਹਿਰਕਨੀ ਪਿੰਡ ਵਿੱਚ ਬਾਇਓ-ਡੀਕੰਪੋਜ਼ਰ ਦੇ ਤਜਰਬੇ ਨੂੰ ਹੋਰ ਰਾਜਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਤੇ ਦੱਸਿਆ ਕਿ ਮੁੱਖ ਮੰਤਰੀ 4 ਨਵੰਬਰ ਨੂੰ ਉਸ ਪਿੰਡ ਵਿੱਚ ਜਾ ਕੇ ਜ਼ਮੀਨੀ ਹਕੀਕਤਾਂ ਦਾ ਜਾਇਜ਼ਾ ਲੈਣਗੇ।