ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਕਤੂਬਰ
ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵੱਲੋਂ ਬੱਚਿਆਂ ਵਿੱਚ ਭਾਸ਼ਾ ਤੇ ਧਰਮ ਦੇ ਪਸਾਰ ਲਈ ਸਿੱਖਿਆ ਦਾ ਲੰਗਰ ਲਾਹਿਆ ਗਿਆ ਹੈ। ਸੰਸਥਾ ਵੱਲੋਂ ਅਕਸਰ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ। ਇਸੇ ਤਹਿਤ ਸਿੰਘ ਸਭਾ ਅਧੀਨ ਚੱਲਦੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿੱਚ ਸ਼ਖ਼ਸ਼ੀਅਤ ਵਿਕਾਸ, ਜਪਾਨੀ, ਸਪੈਨਿਕਸ ਇਟਾਲੀਅਨ, ਜਰਮਨ ਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਦਿੱਤਾ ਗਿਆ। ਇਸ ਲੰਗਰ ਤਹਿਤ ਸਵੇਰੇ 9 ਤੋਂ 2 ਵਜੇ ਤੱਕ ਅਧਿਆਪਕਾਂ ਅਤੇ ਮਾਹਿਰਾਂ ਵੱਲੋਂ ਬੱਚਿਆਂ ਦੇ ਬੌਧਿਕ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ। ਹਰ ਐਤਵਾਰ ਨੂੰ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਕਰੀਬ 500 ਵਿਦਿਆਰਥੀਆਂ ਵੱਲੋਂ ਇਸ ਸਮਾਗਮ ਲਈ ਆਪਣੇ ਨਾਂ ਪੰਜੀਕ੍ਰਿਤ ਕਰਵਾਏ ਹੋਏ ਹਨ ਜੋ ਹਰ ਐਤਵਾਰ ਆਪਣੀ ਹਾਜ਼ਰੀ ਦਰਜ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਾ ਟਕਾਰਾ ਕਰਨ ਲਈ ਸ਼ਖ਼ਸੀਅਤ ਵਿਕਾਸ ਹੋਣਾ ਇੱਕ ਅਹਿਮ ਨੁਕਤਾ ਹੈ ਕਿਉਂਕ ਬੱਚਿਆਂ ਦਾ ਸਰਬਪੱਖੀ ਵਿਕਾਸ ਹੋਣਾ ਲਾਜ਼ਮੀ ਹੈ। ਉਨ੍ਹਾਂ ਦਿੱਲੀ ਦੇ ਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਜ਼ਰੂਰ ਭੇਜਣ।
ਇਸ ਮੌਕੇ ਬੱਚਿਆਂ ਤੋਂ ਇਲਾਵਾ ਮਾਹਰਾਂ ਨੇ ਵੀ ਆਪਣੀ ਰਾਇ ਰੱਖੀ ਕਿ ਨਵੀਂ ਪਨੀਰੀ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਹੁਣੇ ਤੋਂ ਉਪਰਾਲੇ ਕੀਤੇ ਜਾਣ ਕਿਉਂਕਿ ਉੱਚ ਮਿਆਰੀ ਨੌਕਰੀਆਂ ਵਿੱਚ ਸਿੱਖਾਂ ਦੀ ਗਿਣਤੀ ਨਾਮਾਤਰ ਰਹਿ ਗਈ ਹੈ।