ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਅਕਤੂਬਰ
‘ਆਪ’ ਦੇ ਆਗੂਆਂ ਕਾਲਕਾਜੀ ਤੋਂ ਵਿਧਾਇਕਾ ਆਤਿਸ਼ੀ ਤੇ ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ ਨੂੰ ਚਿਤਾਇਆ ਗਿਆ ਕਿ ਭਲਕੇ ਸੀਬੀਆਈ ਵੱਲੋਂ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰਨ ਨਾਲ ‘ਆਪ’ ਕਮਜ਼ੋਰ ਨਹੀਂ ਹੋਵੇਗੀ। ਸਗੋਂ ਹੋਰ ਮਜ਼ਬੂਤ ਹੋ ਕੇ ਉੱਭਰੇਗੀ। ਉਨ੍ਹਾਂ ਕਿਹਾ ਕਿ ਇਹ ਆਬਕਾਰੀ ਦਾ ਮਾਮਲਾ ਨਹੀਂ ਸਗੋਂ ਗੁਜਰਾਤ ਚੋਣਾਂ ਕਰ ਕੇ ਅਜਿਹਾ ਕੀਤਾ ਜਾ ਰਿਹਾ ਹੈ।
ਆਤਿਸ਼ੀ ਨੇ ਪਾਰਟੀ ਦੇ ਹੈੱਡਕੁਆਰਟਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੀਬੀਆਈ ਵੱਲੋਂ ਸ੍ਰੀ ਸਿਸੋਦੀਆ ਨੂੰ ਜਾਰੀ ਸੰਮਨ ਸਿਰਫ਼ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ ਤਾਂ ਜੋ ਉਹ ਚੋਣਾਂ ਵਾਲੇ ਰਾਜ ਵਿੱਚ ਪ੍ਰਚਾਰ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਭਾਜਪਾ ਸੋਚਦੀ ਹੈ ਕਿ ‘ਆਪ’ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਕੇ ਚੋਣਾਂ ਵਿੱਚ ਲਾਹਾ ਲਵੇਗੀ ਪਰ ਇਹ ਗ਼ਲਤ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਜੋ 30 ਫ਼ੀਸਦੀ ਤੋਂ ਵੱਧ ਵੋਟ ‘ਆਪ’ ਨੂੰ ਮਿਲਣ ਦੀ ਉਮੀਦ ਹੈ, ਉਹ ਦਰ ਗ੍ਰਿਫ਼ਤਾਰੀ ਮਗਰੋਂ ਬਹੁਤ ਜ਼ਿਆਦਾ ਹੋ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜਿੱਥੇ ਸ੍ਰੀ ਸਿਸੋਦੀਆ ਦੀ ਰੈਲੀ ਹੋ ਜਾਂਦੀ ਹੈ, ਉੱਥੇ ਭਾਜਪਾ ਦਾ ਗ੍ਰਾਫ਼ ਡਿੱਗ ਪੈਂਦਾ ਹੈ।
ਇਸੇ ਦੌਰਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਗੁਜਰਾਤ ਚੋਣਾਂ ਦੇ ਪ੍ਰਚਾਰ ਨੂੰ ਰੋਕਣ ਲਈ ਭਲਕੇ ਸ੍ਰੀ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸੋਚਦੀ ਹੈ ਕਿ ‘ਆਪ’ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਜਿਸ ਨਾਲ ‘ਆਪ’ ਦਾ ਪ੍ਰਚਾਰ ਬੰਦ ਹੋ ਜਾਵੇਗਾ ਤੇ ਕਮਜ਼ੋਰ ਪੈ ਜਾਵੇਗਾ ਜਾਂ ਪਾਰਟੀ ਕਮਜ਼ੋਰ ਹੋ ਜਾਵੇਗੀ। ਉਨ੍ਹਾਂ ਕਿਹਾ ਇਸ ਦੇ ਉਲਟ ‘ਆਪ’ ਹੋਰ ਮਜ਼ਬੂਤ ਹੋ ਕੇ ਉੱਭਰੇਗੀ। ਉਨ੍ਹਾ ਕਿਹਾ, ‘‘ਸ੍ਰੀ ਸਿਸੋਦੀਆ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਇਹ ਅਸੀਂ ਵੀ ਜਾਣਦੇ ਹਾਂ ਤੇ ਗੁਜਰਾਤ ਦੇ ਲੋਕ ਇਹ ਸਭ ਜਾਣਦੇ ਹਨ।’’