ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਕੌਮੀ ਰਾਜਧਾਨੀ ਵਿੱਚ ਪਾਣੀ ਦੀ ਸਪਲਾਈ ਦੀ ਸਥਿਤੀ ਹੋਰ ਵਿਗੜ ਗਈ ਹੈ। ਵਜ਼ੀਰਾਬਾਦ ਤਲਾਬ ਦਾ ਪੱਧਰ ਹੁਣ 668.3 ਫੁੱਟ ਤੱਕ ਡਿੱਗ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਯਮੁਨਾ ਨਦੀ ਲਗਭਗ ਸੁੱਕ ਗਈ ਹੈ, ਕੈਰੀਅਰ ਲਾਈਨਡ ਨਹਿਰ ਤੇ ਦਿੱਲੀ ਸਬ ਬਰਾਂਚ ਤੋਂ ਪਾਣੀ ਨੂੰ ਵਜ਼ੀਰਾਬਾਦ ਵੱਲ ਮੋੜ ਰਹੇ ਹਾਂ। ਨਤੀਜੇ ਵਜੋਂ ਹੈਦਰਪੁਰ ਫੇਜ਼-1 ਤੇ ਫੇਜ਼ 2 ਅਤੇ ਬਵਾਨਾ ਵਾਟਰ ਟਰੀਟਮੈਂਟ ਪਲਾਂਟ ਵਿੱਚ ਪਾਣੀ ਦਾ ਉਤਪਾਦਨ ਪ੍ਰਭਾਵਿਤ ਹੋਏ ਹਨ। ਦਿੱਲੀ ਜਲ ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਉੱਤਰੀ ਦਿੱਲੀ, ਉੱਤਰ ਪੱਛਮੀ ਦਿੱਲੀ, ਪੱਛਮੀ ਦਿੱਲੀ ਅਤੇ ਦੱਖਣੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸਥਿਤੀ ਵਿੱਚ ਸੁਧਾਰ ਹੋਣ ਤੱਕ ਪਾਣੀ ਘੱਟ ਦਬਾਅ ਨਾਲ ਉਪਲੱਬਧ ਰਹੇਗਾ। ਲੋਕਾਂ ਨੂੰ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਹਾਹਾਕਾਰ ਮੱਚੀ ਹੋਈ ਹੈ।