ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਾਈ ਭਾਗੋ ਬ੍ਰਿਗੇਡ ਸ਼੍ਰੋਮਣੀ ਅਕਾਲੀ ਦਲ ਇਸਤਰੀ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਕਥਾ ਵਾਚਕ ਭਾਈ ਬੰਤਾ ਸਿੰਘ, ਗੁਰਮਤਿ ਕਾਲਜ ਦੇ ਚੇਰਮੈਨ ਹਰਿੰਦਰਪਾਲ ਸਿੰਘ , ਇਸਤਰੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਪ੍ਰਧਾਨ ਬੀਬੀ ਰਣਜੀਤ ਕੌਰ, ਦਿੱਲੀ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ, ਮਾਈ ਭਾਗੋ ਬ੍ਰਿਗੇਡ ਦੀ ਸਰਪ੍ਰਸਤ ਗੁਰਚਰਨ ਕੌਰ, ਪ੍ਰਧਾਨ ਮਨਪ੍ਰੀਤ ਕੌਰ, ਪੂਰਬੀ ਦਿੱਲੀ ਪ੍ਰਧਾਨ ਹਰਮੀਤ ਕੌਰ ਸਮੇਤ ਹੋਰਨਾਂ ਬੁਧੀਜੀਵਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨਾਂ ਜਦੋਂ ਉਨ੍ਹਾਂ ਮਾਈ ਭਾਗੋ ਬ੍ਰਿਗੇਡ ਦਾ ਗਠਨ ਕੀਤਾ ਤਾਂ ਉਸੇ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਨੇ ਬ੍ਰਿਗੇਡ ਦੀ ਜ਼ਿੰਮੇਵਾਰੀ ਲਗਾਈ ਸੀ ਕਿ ਸ਼ਹੀਦਾਂ ਦੇ ਦਿਨ ਬ੍ਰਿਗੇਡ ਵੱਲੋਂ ਮਨਾਏ ਜਾਣਗੇ। ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਅੱਜ ਦੇ ਸੈਮੀਨਾਰ ਵਿੱਚ ਇਹ ਫ਼ੈਸਲਾ ਲਿਆ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਜਨਮ ਸ਼ਤਾਬਦੀ ਜੋ ਕਿ ਅਕਤੂਬਰ ਮਹੀਨੇ ਵਿੱਚ ਆ ਰਹੀ ਹੈ, ਨੂੰ ਮਨਾਉਣ ਲਈ ਪ੍ਰੋਗਰਾਮ ਉਲੀਕੇ ਜਾਣਗੇ। ਸੈਮੀਨਾਰ ਕਰਵਾਏ ਜਾਣਗੇ। ਜਤਿੰਦਰਪਾਲ ਸਿੰਘ ਗੋਲਡੀ ਨੇ ਦੱਸਿਆ ਕਿ ਦਿੱਲੀ ਕਮੇਟੀ ਅਤੇ ਮਾਈ ਭਾਗੋ ਬ੍ਰਿਗੇਡ ਵੱਲੋਂ ਸਾਂਝੇ ਤੌਰ ‘ਤੇ ਕੰਮ ਕਰਦੇ ਹੋਏ ਬੱਚਿਆਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਮਿਲ ਸਕੇ ਇੱਕ ਆਨਲਾਈਨ ਮੁਕਾਬਲਾ ਕਰਵਾਇਆ ਜਾ ਰਿਹੈ ਜਿਸ ਦਾ ਸਿਰਲੇਖ ਹੈ ‘ਸਿਰ ਜਾਏ ਤੇ ਜਾਏ- ਮੇਰਾ ਸਿੱਖੀ ਸਿਦਕ ਨਾ ਜਾਏ’।