ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਰੋਹਿਣੀ ਤੋਂ ਉਮੀਦਵਾਰ ਸਰਵਜੀਤ ਸਿੰਘ ਵਿਰਕ ਵੱਲੋਂ ਐਤਵਾਰ ਨੂੰ ਇਲਾਕੇ ਦਾ ਦੌਰਾ ਕੀਤਾ ਤੇ ਘਰ-ਘਰ ਜਾ ਕੇ ਸਿੱਖ ਵੋਟਰਾਂ ਕੋਲ ਆਪਣੀ ਗੱਲ ਰੱਖੀ। ਉਨ੍ਹਾਂ ਭਗਤ ਸਿੰਘ ਪਾਰਕ ਵਿੱਚ ਸੰਗਤ ਨਾਲ ਮੁਲਾਕਾਤ ਕੀਤੀ ਤੇ ਸਥਾਨਕ ਇਲਾਕੇ ਦੇ ਗੁਰਦੁਆਰੇ ਵਿੱਚ ਪਤਵੰਤੇ ਸੱਜਣਾਂ ਦਾ ਸਹਿਯੋਗ ਲਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਭਗਤ ਸਿੰਘ ਪਾਰਕ ਵਿੱਚ ਡੋਰ ਟੂ ਡੋਰ ਦਿਲਬਾਗ ਸਿੰਘ, ਦਲੇਰ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ, ਅਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਹਾਜ਼ਰ ਸਨ। ਸ੍ਰੀ ਵਿਰਕ ਨੇ ਇਸ ਮੌਕੇ ਕਿਹਾ ਕਿ ਦਿੱਲੀ ਕਮੇਟੀ ਦੀਆਂ ਇਹ ਚੋਣਾਂ ਇਸ ਲਈ ਵੀ ਅਹਿਮ ਹਨ ਕਿਉਂਕਿ ਸਿੱਖ ਵਿਰੋਧੀ ਤਾਕਤਾਂ ਇਸ ਵਾਰ ਦੀਆਂ ਚੋਣਾਂ ਦੌਰਾਨ ਅੰਦਰਖਾਤੇ ਇੱਕ ਹੋ ਗਈਆਂ ਹਨ, ਜੋ ਕੌਮ ਲਈ ਘਾਤਕ ਸਿੱਧ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਰੋਹਿਣੀ ਦੀ ਸੰਗਤ ਨੇ ਵੱਧ-ਚੜ੍ਹ ਕੇ ਸਿੰਘੂ ਤੇ ਟਿਕਰੀ ਮੋਰਚੇ ਉਪਰ ਅੰਦੋਲਨਕਾਰੀ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਅਤੇ ਲੰਗਰ ਦੇ ਸੇਵਾ ਸਮੇਤ ਲੋੜੀਂਦਾ ਸਾਮਾਨ ਉੱਥੇ ਪੁੱਜਦਾ ਕੀਤਾ। ਉਨ੍ਹਾਂ ਆਪਣੇ ਏਜੰਡੇ ਬਾਰੇ ਦੱਸਿਆ ਕਿ ਇਸ ਧਾਰਮਿਕ ਸੰਸਥਾ ਦੀਆਂ ਚੋਣਾਂ ਦੌਰਾਨ ਫਿਰਕੂ ਏਜੰੰਡੇ ਵਾਲਿਆਂ ਨੂੰ ਭਾਂਜ ਦਿੱਤੀ ਜਾਵੇਗੀ ਤੇ ਮੌਕਾਪ੍ਰਸਤਾਂ ਨਾਲ ਸਿੱਖ ਵੋਟਰ ਸਿੱਝਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਚੋਣਾਂ ਲੜ ਰਹੇ ਦੋ-ਤਿੰਨ ਗੁੱਟ ਚਾਰ ਸਾਲ ਬਾਅਦ ਨਜ਼ਰ ਆਏ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਪ੍ਰਚਾਰ ਦੌਰਾਨ ਅਜਿਹੇ ਉਮੀਦਵਾਰਾਂ ਤੋਂ ਸਵਾਲ ਕਰਨ, ‘ਉਹ ਚਾਰ ਸਾਲ ਦਿੱਲੀ ਤੋਂ ਦੂਰ ਕਿਉਂ ਰਹੇ? ਚਾਰ ਸਾਲਾਂ ਦੌਰਾਨ ਦਿੱਲੀ ਦੇ ਸਿੱਖਾਂ ਨਾਲ ਵਾਪਰੀਆਂ ਕਈ ਘਟਨਾਵਾਂ ਸਮੇਂ ਉਹ ਕਿਤੇ ਵੀ ਦਿਖਾਈ ਨਹੀਂ ਦਿੱਤੇ।’