ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚੋਂ ਇੱਕ ਕੇਸ ਵਿਚ ਸੱਜਣ ਕੁਮਾਰ ਨੂੰ ਜ਼ਮਾਨਤ ਮਿਲਣ ਨੂੰ ਲੈ ਕੇ ਵਿਰੋਧੀ ਧਿਰਾਂ ’ਤੇ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਖਿਲਾਫ਼ ਕੇਸਾਂ ਦੀ ਪੈਰਵਈ ਕਰਨ ਵਿਚ ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਹਮੇਸ਼ਾ ਨਾਕਾਮ ਰਹੇ ਹਨ। ਕਮੇਟੀ ਨੇ ਕਿਹਾ ਕਿ ਮੌਜੂਦਾ ਟੀਮ ਵੱਲੋਂ ਕੇਸਾਂ ਦੀ ਡੱਟ ਕੇ ਪੈਰਵਈ ਕੀਤੀ ਜਾ ਰਹੀ ਹੈ ਤੇ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਮੁਹਿੰਮ ਜਾਰੀ ਰਹੇਗੀ।
ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਤਲੇਆਮ ਕੇਸਾਂ ਦੀ ਅਦਾਲਤ ਵਿਚ ਪੈਰਵੀ ਕਰ ਰਹੇ ਵਕੀਲ ਐਡਵੋਕੇਟ ਗੁਰਬਖਸ਼ ਸਿੰਘ, ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ ਤੇ ਹੋਰਨਾਂ ਨਾਲ ਰਲ ਕੇ ਦੱਸਿਆ ਕਿ ਅਦਾਲਤ ਨੇ ਸੱਜਣ ਕੁਮਾਰ ਦੀ ਜਿਸ ਮਾਮਲੇ ਵਿਚ ਜ਼ਮਾਨਤ ਮਨਜ਼ੂਰ ਕੀਤੀ ਹੈ, ਉਹ ਕੇਸ ਵੱਖਰਾ ਹੈ ਤੇ ਸੱਜਣ ਕੁਮਾਰ ਨੁੰ ਵੱਖਰੇ ਕੇਸ ਵਿਚ ਸਜ਼ਾ ਹੋਈ ਹੈ। ਉਨ੍ਹਾਂ ਦੱਸਿਆ ਕਿ ਦਸੰਬਰ 2018 ਵਿਚ ਸੱਜਣ ਕੁਮਾਰ ਨੂੰ ਜਿਸ ਦਿੱਲੀ ਕੈਂਟ ਕੇਸ ਦੀ ਜੋ ਐਫ ਆਈ ਆਰ, ਜਿਸਦੀ ਸੀ ਬੀ ਆਈ ਨੇ ਜਾਂਚ ਕੀਤੀ ਤੇ ਕੜਕੜ ਡੂਮਾ ਕੋਰਟ ਨੇ ਉਸਨੂੰ ਬਰੀ ਕੀਤਾ ਸੀ ਤੇ ਦਿੱਲੀ ਹਾਈ ਕੋਰਟ ਨੇ ਉਸਨੂੰ ਸਜ਼ਾ ਸੁਣਾਈ ਸੀ। ਇਸ ਕੇਸ ਵਿਚ ਹੀ ਉਹ ਜੇਲ੍ਹ ਵਿਚ ਬੰਦ ਹੈ ਤੇ ਇਸ ਵਿਚ ਉਸ ਨੂੰ ਕੋਈ ਜ਼ਮਾਨਤ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਪਿਛਲੇ 20 ਸਾਲਾਂ ਤੋਂ ਐਡਵੋਕੇਟ ਗੁਰਬਖਸ਼ ਸਿੰਘ ਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਤੇ ਪਿਛਲੇ 34, 35 ਸਾਲਾਂ ਤੋਂ ਇਹ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ 1984 ਦੇ ਸਿੱਖ ਕਤਲੇਆਮ ਕੇਸਾਂ ਦੀ ਡੱਟ ਕੇ ਪੈਰਵਈ ਕੀਤੀ ਹੈ ਤੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲਣ ਤੱਕ ਪੈਰਵੀ ਕਰਦੇ ਰਹਾਂਗੇ।’’
ਉਧਰ, ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਵੀ ਕਿਹਾ ਕਿ ਸੱਜਣ ਕੁਮਾਰ ਨੂੰ ਜੋ ਜ਼ਮਾਨਤ ਮਿਲੀ ਹੈ ਉਹ ਹੋਰ ਮਾਮਲੇ ਵਿੱਚ ਹੈ ਤੇ ਮੁੱਖ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੈ ਜਿਸ ਕਰਕੇ ਸੁਪਰੀਮ ਕੋਰਟ ਨੇ ਉਸ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ ਕੀਤੀ।