ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਸੀਨੀਅਰ ਵਕੀਲ ਤੇ ਦਾਖਾ ਦੇ ਸਾਬਕਾ ਵਿਧਾਇਕ ਐੱਚਐੱਸ ਫੂਲਕਾ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ। ਸ੍ਰੀ ਫੂਲਕਾ ਨੇ ਦੱਸਿਆ ਕਿ ਉਨ੍ਹਾਂ ਰਾਜ ਸਭਾ ਮੈਂਬਰ ਕੋਲ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੇ ਮੁੱਕਣ ਬਾਰੇ ਫ਼ਿਕਰਮੰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਾਹਨੀ ਨੇ ਰਾਜ ਸਭਾ ਮੈਂਬਰ ਵਜੋਂ ਮਿਲਣ ਵਾਲੀ ਸੰਸਦੀ ਗ੍ਰਾਂਟ ਦੇ ਬਰਾਬਰ ਆਪਣੇ ਵੱਲੋਂ ਉਨੀ ਹੀ ਰਕਮ ਪਾ ਕੇ ਪੰਜਾਬ ਦੇ ਵਿਕਾਸ ਲਈ ਇਸਤੇਮਾਲ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਦੋਨਾਂ ਦਰਮਿਆਨ ਪੰਜਾਬ ਦੇ ਹੋਰ ਮਸਲਿਆਂ ਸਬੰਧੀ ਗੱਲਬਾਤ ਕੀਤੀ ਗਈ। ਸ੍ਰੀ ਫੂਲਕਾ ਨੇ ਕਿਹਾ, ‘‘ਅਸੀਂ ਆਪਸ ’ਚ ਬੈਠ ਕੇ ਪੰਜਾਬ ਦੇ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ ਹੈ ਕਿ ਪੰਜਾਬ ਦੇ ਵਾਤਾਵਰਨ ਲਈ, ਖੇਤੀ ਦੀ ਆਮਦਨ ਨੂੰ ਵਧਾਉਣ ਲਈ ਅਤੇ ਹੁਨਰ ਵਿਕਾਸ ਲਈ ਅਸੀਂ ਦੋਵੇਂ ਮਿਲ ਕੇ ਕਿਸ ਤਰ੍ਹਾਂ ਇਕੱਠੇ ਕੰਮ ਕਰ ਸਕਦੇ ਹਾਂ।’ ਸ੍ਰੀ ਸਾਹਨੀ ਨੇ ਨਸ਼ਿਆਂ ਤੇ ਕੁੜੀਆਂ ਦੀ ਪੜ੍ਹਾਈ ਤੇ ਨੌਜਵਾਨਾਂ ਨੂੰ ਨੌਕਰੀਆਂ ਦੇ ਮੁੱਦੇ ਵੀ ਵਿਚਾਰੇ।