ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਫਰਵਰੀ
ਮਨੁੱਖਤਾ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਦਾ ਸੁਨੇਹਾ ਦੇਣ ਵਾਲੇ ਸਿੱਖ ਧਰਮ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਦੇ ਪ੍ਰਕਾਸ਼ ਪੁਰਬ ਮੌਕੇ ਹੇਮਕੁੰਟ ਫਾਊਂਡੇਸ਼ਨ ਤੇ ਸੱਚਖੰਡ ਫਾਊਂਡੇਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅੱਜ ‘ਰੁੱਖ ਲੰਗਰ’ ਲਗਾਇਆ ਗਿਆ । ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਤਕਰੀਬਨ 5 ਹਜ਼ਾਰ ਤੋਂ ਵੱਧ ਬੂਟੇ ਲੰਗਰ ਵਜੋਂ ਮੁਫ਼ਤ ਵੰਡੇ ਗਏ ਤਾਂ ਕਿ ਗੁਰੂ ਸਾਹਿਬ ਵੱਲੋਂ ਦਿੱਤੇ ਸੰਦੇਸ਼ ਨੂੰ ਸਮਾਜ ’ਚ ਪ੍ਰਚਾਰਿਤ ਕੀਤਾ ਜਾ ਸਕੇ । ‘ਰੁੱਖ਼ ਲੰਗਰ’ ਲਗਾਏ ਜਾਣ ਸਮੇਂ ਸੰਗਤਾਂ ਦਾ ਉਤਸ਼ਾਹ ਦੇਖਦੇ ਹੋਏ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਆਪੋ-ਆਪਣੇ ਇਲਾਕਿਆਂ ’ਚ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਨਾਲ ਰਾਬਤਾ ਬਣਾ ਕੇ ਦਿੱਲੀ ਨੂੰ ਹਰਿਆਵਲ ਬਨਾਉਣ ਵਾਲੇ ਪ੍ਰਾਜੈਕਟਾਂ ’ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਲਈ ਕਿਹਾ । ਉਨ੍ਹਾਂ ਕਿਹਾ ਕਿ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ਅਤੇ ਹੋਰ ਅਦਾਰਾ ਪਰਿਸਰ ’ਚ ਫੁੱਲ-ਬੂਟੇ ਲਗਾ ਕੇ ਹਰਿਆਲੀ ਨੂੰ ਵਧਾਇਆ ਜਾਵੇਗਾ। ਅੰਤ੍ਰਿੰਗ ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ ਨੇ ਇਸ ਮੌਕੇ ਸੰਗਤਾਂ ਨੂੰ ਵੱਖ-ਵੱਖ ਬੂਟੇ ਵੰਡ ਕੇ ਸੰਗਤਾਂ ਨਾਲ ਗੁਰੂ ਹਰਿਰਾਇ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਸਾਂਝੀ ਕੀਤੀ। ਵਿਰਕ ਨੇ ਕਿਹਾ ਕਿ ਗੁਰੂ ਹਰਿਰਾਇ ਸਾਹਿਬ ਵੱਲੋਂ ਵਾਤਾਵਰਣ ਦੀ ਸਾਂਭ-ਸੰਭਾਲ ਲਈ ਦਿੱਤੇ ਸੁਨੇਹੇ ’ਤੇ ਪਹਿਰਾ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣੇ ਘਰਾਂ-ਦਫਤਰਾਂ ਦੇ ਆਲੇ-ਦੁਆਲੇ ਹਰਿਆਲੀ ਦਾ ਵਿਸਤਾਰ ਕਰਨਾ ਚਾਹੀਦਾ ਹੈ ਅਤੇ ਘਰਾਂ ਦੀਆਂ ਛੱਤਾਂ ਅਤੇ ਬਾਲਕੌਨੀਆਂ ’ਚ ਫੁੱਲ-ਬੂਟੇ ਲਗਾ ਕੇ ਵਾਤਾਵਰਣ ਨੂੰ ਸਵੱਛ ਰੱਖਣ ’ਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ ਕਿਉਂਕਿ ਫੁੱਲ-ਬੂਟੇ ਲਗਾਉਣ ਨਾਲ ਜਿੱਥੇ ਖੂਬਸੂਰਤੀ ਵਧਦੀ ਹੈ ਉਥੇ ਹੀ ਇਸ ਦੇ ਨਾਲ ਪ੍ਰਦੂਸ਼ਣ ਨਾਲ ਲੜਨ ’ਚ ਵੀ ਸਫਲਤਾ ਪ੍ਰਾਪਤ ਹੁੰਦੀ ਹੈ । ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਸੁਖਬੀਰ ਸਿੰਘ ਕਾਲਰਾ, ਪਲਵਿੰਦਰ ਸਿੰਘ ਲੱਕੀ, ਸਰਵਜੀਤ ਸਿੰਘ ਵਿਰਕ ਤੇ ਹਰਜੀਤ ਸਿੰਘ ਪੱਪਾ ਕਮੇਟੀ ਮੈਂਬਰ ਮੌਜੂਦ ਸਨ ।