ਨਵੀਂ ਦਿੱਲੀ: ਦਿੱਲੀ ਵਿਚ ਭਲਕ ਤੋਂ ਰੈਸਤਰਾਂ 50 ਪ੍ਰਤੀਸ਼ਤ ਸਮਰੱਥਾ ਨਾਲ ਖੁੱਲ੍ਹਣਗੇ। ਇਸ ਤੋਂ ਇਲਾਵਾ ਹਫ਼ਤਾਵਾਰੀ ਬਾਜ਼ਾਰ ਤੇ ਧਾਰਮਿਕ ਸਥਾਨ ਵੀ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ ਧਾਰਮਿਕ ਥਾਵਾਂ ਉਤੇ ਲੋਕਾਂ ਨੂੰ ਆਉਣ ਦੀ ਖੁੱਲ੍ਹ ਨਹੀਂ ਦਿੱਤੀ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ਵਿਚ ਮਹਾਮਾਰੀ ਹੁਣ ਕਾਬੂ ਹੇਠ ਹੈ। 19 ਅਪਰੈਲ ਤੋਂ ਦਿੱਲੀ ਵਿਚ ਬਿਊਟੀ ਪਾਰਲਰ, ਵਾਲ ਕਟਾਉਣ ਵਾਲੀਆਂ ਦੁਕਾਨਾਂ ਤੇ ਸੈਲੂਨ ਵਗੈਰਾ ਬੰਦ ਸਨ। ਇਨ੍ਹਾਂ ਨੂੰ ਵੀ ਭਲਕ ਤੋਂ ਖੁੱਲ੍ਹਣ ਦੀ ਆਗਿਆ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਜ਼ਾਰ, ਮਾਲ ਤੇ ਮਾਰਕੀਟ ਕੰਪਲੈਕਸ ਜਿਸਤ-ਟਾਂਕ ਅਧਾਰ ਉਤੇ ਖੁੱਲ੍ਹ ਰਹੇ ਸਨ। ਇਹ ਹੁਣ ਸਾਰੇ ਦਿਨ ਖੁੱਲ੍ਹ ਸਕਣਗੇ। ਕੇਜਰੀਵਾਲ ਨੇ ਕਿਹਾ ਕਿ ਹਰੇਕ ਨਿਗਮ ਜ਼ੋਨ ਵਿਚ ਹਰ ਦਿਨ ਸਿਰਫ਼ ਇਕ ਹਫ਼ਤਾਵਾਰੀ ਮਾਰਕੀਟ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਤੀ ਗਈ ਢਿੱਲ ਨੂੰ ਅਗਲੇ ਹਫ਼ਤੇ ਤੱਕ ਦੇਖਿਆ ਜਾਵੇਗਾ। ਜੇਕਰ ਕੇਸ ਮੁੜ ਨਹੀਂ ਵਧਦੇ ਤਾਂ ਇਹ ਜਾਰੀ ਰਹੇਗੀ। ਪਰ ਜੇ ਕੇਸਾਂ ਵਿਚ ਜ਼ਿਆਦਾ ਵਾਧਾ ਹੋਇਆ ਤਾਂ ਮੁੜ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਸਾਰੀਆਂ ਮਾਰਕੀਟ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਕਿ ਉਹ ਭੀੜ-ਭੜੱਕਾ ਨਾ ਹੋਣ ਦੇਣ ਤੇ ਹੋਰ ਸਾਵਧਾਨੀਆਂ ਵਰਤਣ। ਸਕੂਲ, ਕਾਲਜ, ਕੋਚਿੰਗ ਕੇਂਦਰ, ਸਿਨੇਮਾ ਹਾਲ, ਮਲਟੀਪਲੈਕਸ, ਥੀਏਟਰ, ਜਿਮ, ਸਪਾ, ਯੋਗ ਕੇਂਦਰ, ਸਵਿਮਿੰਗ ਪੂਲ, ਆਡੀਟੋਰੀਅਮ, ਸ਼ਾਦੀ ਹਾਲ. ਮਨੋਰੰਜਨ ਪਾਰਕ, ਪਬਲਿਕ ਪਾਰਕ ਤੇ ਗਾਰਡਨ 21 ਜੂਨ ਤੱਕ ਹਾਲੇ ਲੋਕਾਂ ਲਈ ਬੰਦ ਰਹਿਣਗੇ। -ਪੀਟੀਆਈ