ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੁਲਾਈ
ਦਿੱਲੀ ਸਰਕਾਰ ਵੱਲੋਂ ਡਿਜ਼ਾਸਟਰ ਮੈਨੇਜਮੈਂਟ ਐਕਟ ਦਾ ਹਵਾਲਾ ਦੇ ਕੇ ਗੁਰਦੁਆਰਿਆਂ ਵਿੱਚ ਸ਼ਰਧਾਲੂਆਂ ਦਾ ਦਾਖਲਾ ਰੋਕਣ ਬਾਰੇ ਜਾਰੀ ਕੀਤੇ ਗਏ ਹੁਕਮਾਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕਰਨ ਤੋਂ ਬਾਅਦ ਦਿੱਲੀ ਸਰਕਾਰ ਨੇ ਆਪਣਾ ਫੈਸਲਾ ਰੱਦ ਕਰ ਦਿੱਤਾ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਦੇ ਸਬ ਡਿਵੀਜ਼ਨਲ ਮੈਜਿਸਟਰੇਟ ਵਸੰਤ ਵਿਹਾਰ ਅੰਕੁਰ ਪ੍ਰਕਾਸ਼ ਮੇਸ਼ਰਾਮ ਨੇ ਕੱਲ੍ਹ ਚਾਰ ਵੱਖ ਵੱਖ ਹੁਕਮ ਜਾਰੀ ਕਰ ਕੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, ਐਕਟ ਤੇ ਸਰਕੁਲਰ ਦਾ ਹਵਾਲਾ ਦੇ ਕੇ ਗੁਰਦੁਆਰਾ ਸਾਹਿਬ ਅੰਦਰ ਸ਼ਰਧਾਲੂਆਂ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਸੀ। ਜਾਰੀ ਹੁਕਮਾਂ ਵਿਚ ਵੱਖ ਵੱਖ ਗੁਰਦੁਆਰਿਆਂ ਦੇ ਪ੍ਰਧਾਨ, ਸਕੱਤਰ, ਜੁਆਇੰਟ ਸਕੱਤਰ ਤੇ ਸੇਵਾਦਾਰਾਂ ਨੁੰ ਹੁਕਮ ਦਿੱਤਾ ਗਿਆ ਸੀ ਕਿ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਦਿੱਲੀ ਵਿੱਚ ਗੁਰਦੁਆਰਾ ਸਾਹਿਬ ਤਾਂ ਖੁੱਲ੍ਹੇ ਰਹਿ ਸਕਦੇ ਹਨ ਪਰ ਇਨ੍ਹਾਂ ਵਿੱਚ ਕੋਈ ਸ਼ਰਧਾਲੂ ਪ੍ਰਵੇਸ਼ ਨਹੀਂ ਕਰ ਸਕਦਾ। ਇਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ ਸ਼ਰਧਾਲੂ ਗੁਰਦੁਆਰਾ ਸਾਹਿਬਾਨ ਅੰਦਰ ਗਿਆ ਤਾਂ ਫਿਰ ਪ੍ਰਧਾਨ, ਸਕੱਤਰ, ਜੁਆਇੰਟ ਸਕੱਤਰ ਤੇ ਸੇਵਾਦਾਰ ਦੇ ਖਿਲਾਫ ਸਖ਼ਤ ਸਜ਼ਾਵਾਂ ਤੇ ਫੌਜਦਾਰੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਅਹੁਦੇਦਾਰਾਂ ਦੇ ਖਿਲਾਫ ਵਿਅਕਤੀਗਤ ਤੌਰ ‘ਤੇ ਵੀ ਕਾਰਵਾਈ ਕੀਤੀ ਜਾਵੇਗੀ ਤੇ ਗੁਰਦੁਆਰਾ ਵੀ ਸੀਲ ਕਰ ਦਿੱਤਾ ਜਾਵੇਗਾ।
ਇਨ੍ਹਾਂ ਹੁਕਮਾਂ ਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧ ਕੀਤਾ ਤਾਂ ਅੱਜ ਦੇਰ ਸ਼ਾਮ ਪਹਿਲਾਂ ਜਾਰੀ ਕੀਤੇ ਚਾਰੇ ਹੁਕਮ ਰੱਦ ਕਰਨ ਦਾ ਨਵਾਂ ਹੁਕਮ ਆ ਗਿਆ। ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਜਿਸ ਵਿੱਚ ਸਿਰਫ ਗੁਰਦੁਆਰਾ ਸਾਹਿਬਾਨ ਨੁੰ ਨਿਸ਼ਾਨਾ ਬਣਾਇਆ ਗਿਆ।