ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਨਵੰਬਰ
ਇਥੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਨਿਰਮਾਣ ਮਜ਼ਦੂਰਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਉਸਾਰੀ ਕਾਮਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਤੇ ਨਵੀਨੀਕਰਨ ਲਈ ਕਿਸੇ ਸਰਕਾਰੀ ਦਫ਼ਤਰ ਦਾ ਚੱਕਰ ਨਹੀਂ ਲਗਾਉਣਾ ਪਏਗਾ। ਹੁਣ 1076 ’ਤੇ ਕਾਲ ਕਰਕੇ ਦਿੱਲੀ ਸਰਕਾਰ ਦੀ ‘ਦਰਵਾਜ਼ੇ ’ਤੇ ਸੇਵਾ’ ਉਨ੍ਹਾਂ ਦੇ ਸਾਰੇ ਕੰਮਾਂ ਨੂੰ ਪੂਰਾ ਕਰ ਦੇਵੇਗੀ। ਇਸ ਨੂੰ ਦਿੱਲੀ ਵਿੱਚ ਸ਼ਾਸਨ ਦਾ ਅਨੋਖਾ ਪ੍ਰਯੋਗ ਦੱਸਦਿਆਂ ਸ੍ਰੀ ਸਿਸੋਦੀਆ ਨੇ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਸਾਰੀਆਂ ਸਕੀਮਾਂ ਦਾ ਲਾਭ ਦੇਣਾ ਸਾਡੀ ਪਹਿਲ ਹੈ। ਅੱਜ ਦਿੱਲੀ ਸਕੱਤਰੇਤ ਵਿੱਚ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਸਿਸੋਦੀਆ ਨੇ ਕਿਹਾ ਕਿ ਉਸਾਰੀ ਕਿਰਤੀਆਂ ਦੀ ਭਲਾਈ ਸੈੱਸ ਉਸਾਰੀ ਕੰਪਨੀਆਂ ਵੱਲੋਂ ਦਿੱਤੀ ਜਾਂਦੀ ਹੈ। ਉਸਾਰੀ ਮਜ਼ਦੂਰ ਭਲਾਈ ਬੋਰਡ ਦੁਆਰਾ ਇਹ ਰਾਸ਼ੀ ਉਸਾਰੀ ਕਾਮਿਆਂ ਦੇ ਲਾਭ ਲਈ ਵਰਤੀ ਜਾਂਦੀ ਹੈ। ਇਸ ਦੇ ਲਈ ਬੋਰਡ ਵਿਚ ਇਨ੍ਹਾਂ ਕਰਮਚਾਰੀਆਂ ਦੀ ਰਜਿਸਟ੍ਰੇਸ਼ਨ ਜ਼ਰੂਰੀ ਹੈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਰਜਿਸਟ੍ਰੇਸ਼ਨ ਤੇ ਨਵੀਨੀਕਰਨ ਦੀ ਪ੍ਰਕਿਰਿਆ ਵਿਚ ਪੇਚੀਦਗੀ ਕਾਰਨ ਵਿਚੋਲੇ ਮਜ਼ਦੂਰਾਂ ਦੇ ਫਾਰਮ ਭਰਨ ਦੇ ਨਾਂ ’ਤੇ ਇਕ ਤੋਂ ਦੋ ਹਜ਼ਾਰ ਰੁਪਏ ਤੱਕ ਦੀਆਂ ਗੈਰਕਨੂੰਨੀ ਉਗਰਾਹੀਆਂ ਕਰਦੇ ਸਨ। ਉਸਾਰੀ ਕਾਮਿਆਂ ਨੂੰ ਕਈ ਦਿਨਾਂ ਲਈ ਲੇਬਰ ਦਫ਼ਤਰ ਜਾਣਾ ਪਿਆ ਤੇ ਕਈ ਘੰਟੇ ਲਾਈਨ ਵਿਚ ਬਿਤਾਉਣਾ ਪਿਆ। ਇਸ ਨਾਲ ਉਨ੍ਹਾਂ ਦੀਆਂ ਦਿਹਾੜੀਆਂ ਦਾ ਨੁਕਸਾਨ ਵੀ ਹੋਇਆ। ਇਸ ਸਮੱਸਿਆ ਤੋਂ ਨਿਰਮਾਣ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਦਿੱਲੀ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਤੇ ਨਵੀਨੀਕਰਨ ਦੀ ਸਹੂਲਤ ਅੱਜ ਤੋਂ ਹੀ ‘ਦਰਵਾਜ਼ੇ ’ਤੇ ਸੇਵਾ’ ਰਾਹੀਂ ਆਰੰਭ ਕਰ ਦਿੱਤੀ ਹੈ।