ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੂਨ
ਭਾਰਤ ਸਰਕਾਰ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵਿੱਚ ਦਕਸ਼ ਜੈਨ ਦੀ ਮੌਜੂਦਗੀ ’ਚ ਯੋਗ ਗੁਰੂ ਡਾ. ਅਨਿਲ ਜੈਨ ਵੱਲੋਂ ਲਿਖੀ ‘ਕੁਦਰਤ ਨਾਲ ਇਲਾਜ’ ਨਾਮੀ ਕਿਤਾਬ ਜਾਰੀ ਕੀਤੀ। ਦੇਸ਼ ਭਰ ’ਚ ਕਰੋਨਾਵਾਇਰਸ ਦੇ ਕੇਸਾਂ ’ਚ ਹਾਲ ਹੀ ਵਿੱਚ ਆਏ ਵਾਧੇ ਦੇ ਦੌਰਾਨ ਜਦੋਂ ਲੋਕ ਕੁਦਰਤੀ ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ, ਬਹੁਤ ਸਾਰੇ ਲੋਕ ਮਹਾਂਮਾਰੀ ਨਾਲ ਲੜਨ ਲਈ ਉਪਾਵਾਂ ਦੀ ਖੋਜ ਕਰਦੇ ਹੋਏ ਦੇਖੇ ਗਏ ਹਨ। ਯੋਗ ਤੇ ਨੈਚਰੋਪੈਥੀ ਦੇ ਖੇਤਰ ’ਚ ਤਜਰਬੇ ਦੇ ਅਧਾਰ ਤੇ ਡਾ. ਅਨਿਲ ਜੈਨ ਨੇ ਇਹਾ ਕਿਤਾਬ ਲਿਖੀ ਹੈ। ਰਾਜਨਾਥ ਸਿੰਘ ਨੇ ਡਾ. ਜੈਨ ਨੂੰ ਕਿਤਾਬ ਦੇ ਨਵੇਂ ਪ੍ਰਕਾਸ਼ਨ ਲਈ ਵਧਾਈ ਦਿੱਤੀ ਜੋ ਲੋਕਾਂ ਨੂੰ ਕੁਦਰਤ ਨਾਲ ਤੇ ਦਵਾਈਆਂ ਤੋਂ ਬਿਨਾਂ ਬਿਮਾਰੀਆਂ ਨੂੰ ਠੀਕ ਕਰਨ ’ਚ ਮਦਦ ਕਰਦੀ ਹੈ। ਡਾ. ਅਨਿਲ ਜੈਨ ਯੋਗ ਤੇ ਨੈਚਰੋਪੈਥੀ ਦੇ ਮਾਹਿਰ ਹਨ ਅਤੇ ਉਨ੍ਹਾਂ ਨੇ ਫਲਾਂ, ਸਬਜ਼ੀਆਂ, ਹਰੇ ਘਾਹ ਤੇ ਕਣਕ ਦੇ ਘਾਹ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਕੇ ਗਰੀਬ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਆਪਣੀ ਮੁਹਾਰਤ ਦੀ ਵਰਤੋਂ ਕੀਤੀ ਹੈ।