ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੂਨ
ਰਾਜਧਾਨੀ ਦਿੱਲੀ ਦੇ ਦੱਖਣੀ ਹਿੱਸੇ ਵਿੱਚ ਦਿਨ ਦੇ 11 ਵਜੇ ਦੇ ਕਰੀਬ ਤੇਜ਼ ਮੀਂਹ ਪਿਆ ਤੇ ਮੌਸਮ ਖੁਸ਼ਗਵਾਰ ਹੋ ਗਿਆ। ਅੱਜ ਯੋਗ ਦਿਵਸ ਮੌਕੇ ਲੋਕਾਂ ਨੇ ਮੀਂੰਹ ਦਾ ਆਨੰਦ ਵੀ ਮਾਣਿਆ। ਕਈ ਸੜਕਾਂ ਪਾਣੀ ਨਾਲ ਭਰ ਗਈਆਂ ਖਾਸ ਕਰਕੇ ਪ੍ਰਹਿਲਾਦਪੁਰ ਦੇ ਅੰਡਰਪਾਸ ਹੇਠਾਂ ਪਾਣੀ ਭਰ ਗਿਆ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਪੱਛਮੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਵੀ ਹਲਕੀ ਕਿਣ ਮਿਣ ਹੋਈ ਤੇ ਆਵਾਜਾਈ ਵਿੱਚ ਰੁਕਾਵਟ ਪਈ ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਨੂੰ ਦਿੱਲੀ ਦੇ ਪੁਲਾਂ, ਦਰੱਖ਼ਤਾਂ, ਬੱਸ ਸ਼ੈਲਟਰਾਂ ਹੇਠਾਂ ਸ਼ਰਨ ਲੈਣੀ ਪਈ। ਦਿੱਲੀ ਵਿੱਚ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਮੌਕੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਮਾਪਿਆ ਗਿਆ ਤੇ ਘੱਟੋ-ਘੱਟ ਤਾਪਮਾਨ 24.9 ਰਿਹਾ।ਭਾਰਤ ਦੇ ਮੌਸਮ ਵਿਭਾਗ ਦੇ ਪੂਰਵ ਅਨੁਮਾਨ ਦੇ ਅਨੁਸਾਰ ਨੋਇਡਾ ਵਿੱਚ ਅੱਜ ‘ਹਲਕੀ ਬਾਰਸ਼ ਜਾਂ ਤੂਫ਼ਾਨ ਦੀ ਸੰਭਾਵਨਾ ਦੇ ਨਾਲ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਪਿਛਲੇ ਕੁਝ ਦਿਨਾਂ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਬੱਦਲਵਾਈ ਦੇ ਨਾਲ, ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। 1 ਜੂਨ ਤੋਂ ਦਿੱਲੀ ਵਿੱਚ 23.8 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਮੌਨਸੂਨ ਸੀਜ਼ਨ ਸ਼ੁਰੂ ਹੋਣ ਵੇਲੇ ਆਮ ਤੌਰ ‘ਤੇ 36.3 ਮਿਲੀਮੀਟਰ ਮੀਂਹ ਪੈਂਦਾ ਹੈ। ਮਾਹਿਰਾਂ ਅਨੁਸਾਰ ਦੱਖਣ-ਪੱਛਮੀ ਮੌਨਸੂਨ 27 ਜੂਨ ਦੇ ਆਸਪਾਸ ਦਿੱਲੀ ਪਹੁੰਚ ਜਾਵੇਗਾ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਮੌਨਸੂਨ ਤੋਂ ਪਹਿਲਾਂ ਦੀ ਬਾਰਸ਼ ਨੇ ਦਿੱਲੀ ਵਿੱਚ ਮੀਂਹ ਦੀ ਕਮੀ ਨੂੰ 34 ਫ਼ੀਸਦ ਤੱਕ ਘਟਾ ਦਿੱਤਾ ਹੈ।