ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਸਤੰਬਰ
ਦਿੱਲੀ-ਐੱਨਸੀਆਰ ਵਿੱਚ ਲਗਾਤਾਰ ਤੀਜੇ ਦਿਨ ਮੀਂਹ ਪਿਆ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਦੇ ਅਨੁਸਾਰ ਆਉਣ ਵਾਲੇ ਸੋਮਵਾਰ ਤੱਕ ਦਿੱਲੀ-ਐਨਸੀਆਰ ਵਿੱਚ ਮੀਂਹ ਦੀ ਪ੍ਰਕਿਰਿਆ ਜਾਰੀ ਰਹੇਗਾ। ਮੌਸਮ ਵਿਭਾਗ ਨੇ ਵੀ ਮੀਂਹ ਦੇ ਮੱਦੇਨਜ਼ਰ ਲੋਕਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ-ਐਨਸੀਆਰ ਦੇ ਲਗਭਗ ਸਾਰੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਸੰਭਾਵਿਤ ਬਾਰਿਸ਼ ਦੇ ਮੱਦੇਨਜ਼ਰ ਸ਼ਨਿਚਰਵਾਰ ਨੂੰ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ। ਦਿੱਲੀ ’ਚ ਘੱਟੋ-ਘੱਟ ਤਾਪਮਾਨ 22.6 ਡਿਗਰੀ ਸੈਲਸੀਅਸ ‘ਤੇ ਆ ਗਿਆ। ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਸੀ। ਲਗਾਤਾਰ ਬਾਰਿਸ਼ ਕਾਰਨ ਦਿੱਲੀ-ਐਨਸੀਆਰ ਦੀ ਹਵਾ ਸਾਫ਼ ਹੋ ਗਈ ਤੇ ਇਸ ਨਾਲ ਦਿੱਲੀ-ਐੱਨਸੀਆਰ ‘ਚ ਏਅਰ ਕੁਆਲਿਟੀ ਇੰਡੈਕਸ 50 ਦੇ ਕਰੀਬ ਆ ਗਿਆ।
ਦਿੱਲੀ ਦੇ ਪ੍ਰਾਇਮਰੀ ਮੌਸਮ ਕੇਂਦਰ ਸਫਦਰਜੰਗ ਆਬਜ਼ਰਵੇਟਰੀ ‘ਚ 15 ਮਿਲੀਮੀਟਰ ਬਾਰਿਸ਼ ਹੋਈ। ਲੋਧੀ ਰੋਡ, ਰਿਜ ਤੇ ਅਯਾਨਗਰ ਮੌਸਮ ਸਟੇਸ਼ਨਾਂ ‘ਤੇ ਕ੍ਰਮਵਾਰ 6.4 ਮਿਲੀਮੀਟਰ, 15.2 ਮਿਲੀਮੀਟਰ ਅਤੇ 20.4 ਮਿਲੀਮੀਟਰ ਬਾਰਿਸ਼ ਹੋਈ ਜਦਕਿ ਦਿੱਲੀ ਤੇ ਪਾਲਮ ‘ਚ ਸਵੇਰੇ 5.30 ਵਜੇ ਤੱਕ 39 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਦਿੱਲੀ ਦੇ ਨਾਲ-ਨਾਲ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ‘ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਦਿੱਲੀ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਐੱਨਸੀਆਰ ਦੇ ਸ਼ਹਿਰਾਂ ‘ਚ ਸਵੇਰ ਤੋਂ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਮੀਂਹ ਦੇ ਮੱਦੇਨਜ਼ਰ ਗੌਤਮ ਬੁੱਧ ਨਗਰ, ਗਾਜ਼ੀਆਬਾਦ ਤੇ ਮੇਰਠ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਸ਼ਾਮ ਨੂੰ ਹੀ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਸੀ। ਹੁਣ ਸਕੂਲ ਸੋਮਵਾਰ ਨੂੰ ਹੀ ਖੁੱਲ੍ਹਣ ਦੀ ਸੰਭਾਵਨਾ ਹੈ।
ਮੀਂਹ ਦਾ ਇਹ ਪੈਟਰਨ ਦਿਨ ਭਰ ਰੁਕ-ਰੁਕ ਕੇ ਜਾਰੀ ਸੀ।ਮੀਂਹ ਕਾਰਨ ਦਿੱਲੀ-ਐਨਸੀਆਰ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਪਾਣੀ ਭਰ ਗਿਆ। ਸੜਕਾਂ ਤੇ ਅੰਡਰਪਾਸਾਂ ਦੇ ਕੋਲ ਪਾਣੀ ਭਰ ਜਾਣ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਸੀ। ਸਵੇਰੇ ਦਿੱਲੀ ਦੇ ਨਾਲ-ਨਾਲ ਗੁਰੂਗ੍ਰਾਮ ਤੇ ਫਰੀਦਾਬਾਦ ਦੇ ਕਈ ਇਲਾਕਿਆਂ ‘ਚ ਟ੍ਰੈਫਿਕ ਜਾਮ ਦੀ ਸਮੱਸਿਆ ਹੋਈ। ਸ਼ਨਿਚਰਵਾਰ ਹੋਣ ਕਰਕੇ ਕਈ ਦਫ਼ਤਰ ਬੰਦ ਰਹਿਣ ਕਾਰਨ
ਟ੍ਰੈਫਿਕ ਜਾਮ ਮੁਕਾਬਲਤਨ ਘੱਟ ਸੀ। ਮੌਸਮ ਵਿਭਾਗ ਨੇ ਐਤਵਾਰ ਤੇ ਸੋਮਵਾਰ ਨੂੰ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਨ੍ਹਾਂ ਦੋਵਾਂ ਦਿਨਾਂ ਲਈ ਗ੍ਰੀਨ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਹਿੰਡਨ ਏਅਰ ਫੋਰਸ ਸਟੇਸ਼ਨ, ਗਾਜ਼ੀਆਬਾਦ, ਇੰਦਰਾਪੁਰਮ, ਛਪਰਾਉਲਾ, ਨੋਇਡਾ, ਦਾਦਰੀ, ਗ੍ਰੇਟਰ ਨੋਇਡਾ, ਗੁਰੂਗ੍ਰਾਮ, ਫਰੀਦਾਬਾਦ, ਮਾਨੇਸਰ ਤੇ ਬੱਲਭਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
ਟ੍ਰੈਫਿਕ ਸਿਗਨਲ ’ਤੇ ਬੇਚੈਨ ਹੋਣ ਦੀ ਬਜਾਏ ਗੀਤ ਗਾਉਣ ਦਾ ਸੁਝਾਅ
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਟ੍ਰੈਫਿਕ ਸਿਗਨਲ ‘ਤੇ ਸ਼ਾਂਤ ਰਹਿਣ ਲਈ ਤੇ ਹਾਰਨ ਵਜਾਉਣ ਜਾਂ ਬੇਚੈਨ ਹੋਣ ਦੀ ਬਜਾਏ ਗੀਤ ਗਾਉਣ ਦਾ ਸੁਝਾਅ ਦਿੱਤਾ ਹੈ। ਦਿੱਲੀ ਪੁਲੀਸ ਦੀ ਟ੍ਰੈਫਿਕ ਯੂਨਿਟ ਅਨੁਸਾਰ ਕੋਈ ਵੀ ਅਜਿਹਾ ਗੀਤ ਗਾ ਸਕਦਾ ਹੈ ਜੋ ਸਿਗਨਲ ‘ਤੇ ਉਨ੍ਹਾਂ ਦੇ ਦਿਮਾਗ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰੇਗਾ। ਦਿੱਲੀ ਟ੍ਰੈਫਿਕ ਪੁਲੀਸ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ ਇਕ ਵਿਅਕਤੀ ਨੂੰ ਗੀਤ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਉਹ ਦਿੱਲੀ ’ਚ ਸਿਗਨਲ ਦੇ ਹਰੇ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, ‘‘ਟ੍ਰੈਫਿਕ ਸਿਗਨਲਾਂ ‘ਤੇ ਸ਼ਾਂਤ ਕਿਵੇਂ ਰਹਿਣਾ ਹੈ’’ ਜਿਵੇਂ ਕਿ ਪੁਲੀਸ ਨੇ ਅੱਗੇ ਕਿਹਾ, ‘‘ਸੰਗੀਤ ਨੂੰ ਪਿਆਰ ਕਰੋ? ਗਾਓ। ਜਦੋਂ ਤੁਸੀਂ ਟ੍ਰੈਫਿਕ ਸਿਗਨਲ ‘ਤੇ ਇੰਤਜ਼ਾਰ ਕਰ ਰਹੇ ਹੋਵੋ ਤਾਂ ਹਾਰਨ ਨਾ ਵਜਾਓ।’’ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਿਆ ਹੈ ਤੇ ਕਈਆਂ ਨੇ ਇਸ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਟੋਹਾਣਾ ਇਲਾਕੇ ’ਚ ਮੀਂਹ ਕਾਰਨ ਫ਼ਸਲਾਂ ਨੁਕਸਾਨੀਆਂ
ਟੋਹਾਣਾ (ਪੱਤਰ ਪ੍ਰੇਰਕ): ਅੱਧੀ ਰਾਤ ਤੋਂ ਪੈ ਰਹੇ ਮੀਂਹ ਨੇ ਜ਼ਿਲ੍ਹੇ ਵਿੱਚ ਖੇਤ ਤੇ ਸ਼ਹਿਰ ਜਲਥਲ ਹੋਣ ਨਾਲ ਫ਼ਸਲਾਂ ਨੁਕਸਾਨੇ ਤੋਂ ਇਲਾਵਾ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ। ਮੀਂਹ ਦੌਰਾਨ ਫਤਿਹਾਬਾਦ ਦੇ ਸ਼ਿਵ ਚੌਕ ਵਿੱਚ ਲੰਘਦੀ ਵਿਦਿਆਰਥੀਆਂ ਦੀ ਬਸ ਵਿੱਚੋਂ ਇੰਜਨ ’ਤੇ ਪਾਣੀ ਪੈਣ ਨਾਲ ਉਠੀ ਭਾਫ ਦੀ ਦਹਿਸ਼ਤ ਕਾਰਨ ਬਸ ਨੂੰ ਅੱਗ ਲੱਗਣ ਦੇ ਡਰ ਕਾਰਨ ਬੱਚਿਆਂ ਨੇ ਪਾਣੀ ਵਿੱਚ ਛਾਲਾਂ ਮਾਰ ਦਿੱਤੀਆਂ। ਭੂਨਾ ਵਿੱਚ ਇਕ ਸਕੁਲੀ ਬਸ ਸੀਵਰ ਲਾਈਨ ਵਿੱਚ ਧਸ ਗਈ, ਜਿਸ ਨੂੰ ਕਰੇਨ ਦੀ ਮਦਦ ਨਾਲ ਕੱਢਿਆ ਗਿਆ। ਭੂਨਾ ਵਿੱਚ ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਦੀ ਵੀ ਖ਼ਬਰ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਟੋਹਾਣਾ ਦੇ ਨੀਵੀਂ ਬਸਤੀਆਂ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਅਨਾਜ ਮੰਡੀ ਪੂਰੀ ਤਰ੍ਹਾਂ ਡੁੱਬ ਗਈ। ਹਲਕੇ ਵਿੱਚ ਕਪਾਹ-ਨਰਮੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਤੇ ਝੋਨੇ ਦੇ ਖੇਤ ਜਲਥਲ ਹੋਣ ਨਾਲ ਅਗੇਤੀ ਕਟਾਈ ਰੋਕਣੀ ਪਈ। ਇਸ ਤੋਂ ਇਲਾਵਾ ਦੁਪਹਿਰ ਵੇਲੇ ਇਕ ਸਕੁਲੀ ਬੱਚਿਆਂ ਦੀ ਬਸ ਵਾਪਸੀ ਤੇ ਪਿੰਡ ਚੌਬਾਰਾ ਕੋਲ ਹਾਦਸੇ ਦਾ ਸ਼ਿਕਾਰ ਹੋਕੇ ਦਰਖਤ ਨਾਲ ਟਕਰਾਉਣ ਤੇ ਚਾਲਕ ਬਲਦੇਵ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਬੱੱਚਿਆਂ ਦਾ ਬਚਾਅ ਰਿਹਾ।