ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਸੁੱਟਣ, ਲਾਠੀਚਾਰਜ ਕਰਨ ਅਤੇ ਹਵਾਈ ਫਾਇਰ ਕਰਨ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਤੁਲਨਾ ਅੰਗਰੇਜ਼ਾਂ ਦੇ ਬਦਨਾਮ ਜਨਰਲ ਡਾਇਰ ਨਾਲ ਕੀਤੀ ਹੈ। ਚੱਢਾ ਨੇ ਕਿਹਾ, ‘‘ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਆਪਣੇ ਹੱਕ ਦੀ ਲੜਾਈ ਲੜ ਰਹੇ ਦੇਸ਼ ਦੇ ਕਿਸਾਨਾਂ ’ਤੇ ਗੋਲੀਆਂ ਚਲਵਾ ਰਹੇ ਹਨ, ਲਾਠੀਆਂ ਚਲਵਾ ਰਹੇ ਹਨ, ਅੱਥਰੂ ਗੈਸ ਦੇ ਗੋਲੇ ਸੁੱਟਣ ਦੇ ਹੁਕਮ ਦੇ ਰਹੇ ਹਨ। ਉਨ੍ਹਾਂ ਦੀ ਤੁਲਨਾ ਸਿਰਫ ਅੰਗਰੇਜ਼ਾਂ ਦੇ ਜਨਰਲ ਡਾਇਰ ਨਾਲ ਹੀ ਕੀਤੀ ਜਾ ਸਕਦੀ ਹੈ।’’
ਕਿਸਾਨਾਂ ਉੱਤੇ ਹੋਏ ਅੱਤਿਆਚਾਰ ਦੇ ਵੀਡੀਓ ਬਾਰੇ ਗੱਲ ਕਰਦਿਆਂ ਚੱਢਾ ਨੇ ਕਿਹਾ ਕਿ ਭਾਜਪਾ ਸ਼ਾਸ਼ਤ ਸੂਬਾ ਸਰਕਾਰਾਂ ਕਿਸਾਨਾਂ ਨਾਲ ਦੁਸ਼ਮਣ ਦੀ ਤਰ੍ਹਾਂ ਵਿਵਹਾਰ ਕਰ ਰਹੀਆਂ ਹਨ। ਅੰਦੋਲਨ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ, ਹਵਾਈ ਫਾਇਰਿੰਗ ਅਤੇ ਲਾਠੀਚਾਰਜ ਦੀਆਂ ਵੀਡੀਓ ਦੇਖ ਕੇ ਮੈਨੂੰ 13 ਅਪਰੈਲ 1919 ਦੀ ਯਾਦ ਆ ਗਈ, ਜਦੋਂ ਜੱਲ੍ਹਿਆਵਾਲਾ ਬਾਗ ਵਿੱਚ ਜਨਰਲ ਡਾਇਰ ਨੇ ਨਿਰਦੋਸ਼ ਲੋਕਾਂ ਦੇ ਇਕੱਠ ’ਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਸਨ।
ਰਾਘਵ ਚੱਢਾ ਨੇ ਸ਼ਹੀਦ ਕਿਸਾਨਾਂ ’ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ, ‘‘ਇਸ ਅੰਦੋਲਨ ਵਿੱਚ 50 ਤੋਂ ਜ਼ਿਆਦਾ ਕਿਸਾਨਾਂ ਦੀ ਸ਼ਹੀਦੀ ਹੋਈ ਹੈ, ਉਨ੍ਹਾਂ ਆਪਣੇ ਹੱਕ ਦੀ ਲੜਾਈ ਲੜਦੇ ਹੋਏ ਆਪਣਾ ਬਲੀਦਾਨ ਦਿੱਤਾ ਹੈ। ਮੈਂ ਮੋਦੀ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਆਪਣੀ ਨੱਕ ਦਾ ਸਵਾਲ ਨਾ ਬਣਾਓ।’’
ਉਨ੍ਹਾਂ ਅੱਗੇ ਕਿਹਾ, ‘‘ਲਿਖਤੀ ਤੌਰ ’ਤੇ ਕਿਸਾਨਾਂ ਨੂੰ ਵਿਸ਼ਵਾਸ ਮਿਲਣਾ ਚਾਹੀਦਾ ਕਿ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾ ਰਹੇ ਹਨ। 1 ਡਿਗਰੀ ਤਾਪਮਾਨ ਵਿੱਚ ਸੰਘਰਸ਼ ਕਰ ਰਹੇ ਸਾਡੇ ਦੇਸ਼ ਦੇ ਕਿਸਾਨ ਦੀ ਜਿੱਤ ਹੋਣੀ ਚਾਹੀਦੀ ਹੈ।’’