ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਦਿੱਲੀ ਸਰਕਾਰ ਦੇ ਵੱਖ-ਵੱਖ ਸਕੂਲਾਂ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ) ਦੇ ਸਬੰਧ ਵਿੱਚ ਇਸ ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦਿੱਤੀ ਗਈ। ਪ੍ਰਵੇਸ਼ ਪ੍ਰੀਖਿਆ ਤੋਂ ਪਹਿਲਾਂ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੌਟੱਲਿਆ ਸਰਵੋਦਿਆ ਵਿਦਿਆਲਿਆ, ਚਿਰਾਗ ਐਨਕਲੇਵ ਵਿਖੇ ਵਿਦਿਆਰਥੀਆਂ ਨਾਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰਨ ਦੇ ਉਨ੍ਹਾਂ ਦੇ ਤਜ਼ਰਬੇ ਨੂੰ ਜਾਣਨ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਾਉਣ ਲਈ ਗੱਲਬਾਤ ਕੀਤੀ। ਸਿਸੋਦੀਆ ਨੇ ਕਿਹਾ ਕਿ ਇਸ ਸਾਲ ਦੇਸ਼ ਵਿੱਚ ਪਹਿਲੀ ਵਾਰ ਉੱਚ ਸਿੱਖਿਆ ਵਿੱਚ ਦਾਖ਼ਲੇ ਲਈ ਕਾਮਨ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਲਈ ਜਾ ਰਹੀ ਹੈ। ਅਜਿਹੇ ’ਚ ਸਾਡੇ ਸਕੂਲਾਂ ’ਚ ਪੜ੍ਹਦੇ ਬਹੁਤ ਸਾਰੇ ਵਿਦਿਆਰਥੀ ਇਸ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦੇ ਹਨ ਪਰ ਪੈਸੇ ਦੀ ਕਮੀ ਕਾਰਨ ਉਹ ਕੋਚਿੰਗ ਸੰਸਥਾਵਾਂ ਦੀਆਂ ਉੱਚੀਆਂ ਫੀਸਾਂ ਦਾ ਭੁਗਤਾਨ ਨਹੀਂ ਕਰ ਸਕਦੇ। ਇਸ ਲਈ ਸਾਡੇ ਬਹੁਤ ਸਾਰੇ ਸਕੂਲਾਂ ਨੇ ਇਹ ਯਕੀਨੀ ਬਣਾਉਣ ਲਈ ਇੱਕ ਵਿਲੱਖਣ ਪਹਿਲ ਕੀਤੀ ਹੈ ਕਿ ਦਾਖਲਾ ਪ੍ਰੀਖਿਆ ਦੇਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਕੂਲ ਪੱਧਰ ’ਤੇ ਹੀ ਢੁਕਵੀਂ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਵਿੱਤੀ ਕਾਰਨਾਂ ਕਰਕੇ ਆਪਣੇ ਸੁਪਨਿਆਂ ਨੂੰ ਛੱਡਣਾ ਨਾ ਪਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਇਸ ਉਪਰਾਲੇ ਤਹਿਤ ਵਿਦਿਆਰਥੀਆਂ ਨੂੰ 13 ਤੋਂ ਵੱਧ ਵਿਸ਼ਿਆਂ ਦੀ ਤਿਆਰੀ ਲਈ ਮਾਰਗਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਔਨਲਾਈਨ ਮੌਕ ਟੈਸਟ ਸੀਰੀਜ਼ ਰਾਹੀਂ ਕੰਪਿਊਟਰ ਆਧਾਰਿਤ ਟੈਸਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਲਈ ਹਰੇਕ ਸਟਰੀਮ- ਆਰਟਸ, ਸਾਇੰਸ ਅਤੇ ਕਾਮਰਸ ਲਈ ਮੌਕ ਟੈਸਟ ਤਿਆਰ ਕੀਤੇ ਗਏ ਸਨ।