ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਦੇਸ਼ ਭਰ ਦੇ ਡੇਅਰੀ ਕਿਸਾਨਾਂ ਨੇ ਦੁੱਧ ਉਤਪਾਦਾਂ ਨਾਲ ਸਬੰਧਤ ਡੇਅਰੀ ਉਤਪਾਦਾਂ, ਮਸ਼ੀਨਰੀ ਅਤੇ ਮਸ਼ੀਨਾਂ ’ਤੇ ਜੀਐੱਸਟੀ (ਵਸਤੂ ਅਤੇ ਸੇਵਾ ਟੈਕਸ) ਲਗਾਏ ਜਾਣ ਦੇ ਖਿਲਾਫ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕੀਤਾ। ਆਲ ਇੰਡੀਆ ਕਿਸਾਨ ਸਭਾ (ਏਆਈਕੇਐੱਸ) ਨਾਲ ਸਬੰਧਤ ਡੇਅਰੀ ਫਾਰਮਰਜ਼ ਫੈਡਰੇਸ਼ਨ ਆਫ ਇੰਡੀਆ (ਡੀਐੱਫਐੱਫਆਈ) ਵੱਲੋਂ ਇਸ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ। ਧਰਨੇ ਦੌਰਾਨ ਡੀਐੱਫਐੱਫਆਈ ਨੇ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਅਤੇ ਸਾਂਝੇ ਕਿਸਾਨ ਮੋਰਚਾ ਸਮੇਤ ਸਾਂਝੇ ਮੰਚਾਂ ਨੂੰ ਉਨ੍ਹਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਜੋ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਨੂੰ ਸੰਘਰਸ਼ਾਂ ਰਾਹੀਂ ਵਾਪਸ ਲਿਆ ਜਾਵੇ। ਕਿਸਾਨਾਂ ਨੇ ਕਿਹਾ ਕਿ ਰੋਜ਼ਾਨਾ ਦੀਆਂ ਕਈ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਹੋਰ ਵਧਣਗੀਆਂ, ਜਿਸ ਨਾਲ ਨਾ ਸਿਰਫ਼ ਘਰੇਲੂ ਬਜਟ ਵਿੱਚ ਸਗੋਂ ਕਿਸਾਨਾਂ ਦੀ ਆਮਦਨ ’ਤੇ ਵੀ ਡੂੰਘਾ ਅਸਰ ਪੈ ਜਾਵੇਗਾ। ਪਹਿਲਾਂ ਹੀ ਜੀਐੱਸਟੀ ਵਿੱਚ ਵਾਧੇ ਨੇ ਦਹੀਂ, ਲੱਸੀ, ਚੌਲ, ਕਣਕ ਸਮੇਤ ਵੱਖ-ਵੱਖ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾ ਸਿਰਫ਼ ਸੰਵਿਧਾਨ ਵਿੱਚ ਦਰਜ ਸਹਿਕਾਰੀ ਸੰਘਵਾਦ ਦੇ ਸੰਕਲਪ ’ਤੇ ਹਮਲਾ ਕਰ ਰਹੀ ਹੈ, ਸਗੋਂ ਇਸ ਲਈ ਜੀਐੱਸਟੀ ਨੂੰ ਹਥਿਆਰ ਵਜੋਂ ਵੀ ਵਰਤ ਰਹੀ ਹੈ। ਏਆਈਕੇਐੱਸ ਦੇ ਪ੍ਰਧਾਨ ਅਸ਼ੋਕ ਧਵਲੇ ਨੇ ਕਿਹਾ ਕਿ ਪਸ਼ੂ ਪਾਲਣ ਖੇਤਰ ਖੇਤੀਬਾੜੀ ਉਤਪਾਦਨ ਅਤੇ ਦੁੱਧ ਦੇ ਉਤਪਾਦਨ ਦੇ ਮੁੱਲ ਵਿੱਚ ਲਗਪੱਗ 25% ਯੋਗਦਾਨ ਪਾਉਂਦਾ ਹੈ ਅਤੇ ਨੌਂ ਕਰੋੜ ਪਰਿਵਾਰਾਂ ਲਈ ਆਮਦਨ ਦਾ ਇੱਕ ਵੱਡਾ ਸਰੋਤ ਹੈ। ਇਹ ਸਿੱਧੇ ਤੌਰ ’ਤੇ ਘਰੇਲੂ ਖੁਰਾਕ ਸੁਰੱਖਿਆ ਨਾਲ ਜੁੜਿਆ ਹੋਇਆ ਹੈ।