ਕੁਲਦੀਪ ਸਿੰਘ
ਨਵੀਂ ਦਿੱਲੀ, 3 ਮਾਰਚ
ਦਿੱਲੀ ਦੀ ਸੰਸਥਾ ‘ਰਾਬਤਾ’ ਨੇ ਆਪਣੇ ਪਲੇਠੇ ਪ੍ਰੋਗਰਾਮ ‘ਦਾਸਤਾਨ-ਏ-ਗੁਰੂ ਨਾਨਕ’ ਦੀ ਸਫ਼ਲ ਪੇਸ਼ਕਾਰੀ ਨਾਲ ਨਿਵੇਕਲੀ ਪੁਲਾਂਘ ਪੁੱਟੀ ਹੈ। ਸੰਸਥਾ ਦੇ ਮੁੱਖ ਆਗੂਆਂ ਹਰਪ੍ਰੀਤ ਸਿੰਘ ਸਹੋਤਾ ਅਤੇ ਉਪਾਸਨਾ ਕੌਰ ਸਹੋਤਾ ਨੇ ਪ੍ਰੋਗਰਾਮ ਦੀ ਸਫ਼ਲਤਾ ਦਾ ਸਿਹਰਾ ਇਸ ਦੇ ਲੇਖਕ ਅਤੇ ਡਾਇਰੈਕਟਰ ਕੁਲਜੀਤ ਸਿੰਘ ਨੂੰ ਦਿੱਤਾ ਹੈ। ਕੁਲਜੀਤ ਸਿੰਘ ਨੇ ਆਪਣੇ ਸਾਥੀ ਕਲਾਕਾਰਾਂ ਦਾਸਤਾਨ-ਏ-ਗੋ ਰੂਪਕ ਸ਼ਰਮਾ ਤੇ ਗਾਇਕ ਗੌਰਵ ਅਰੋੜਾ ਦੁਆਰਾ ਗੁਰੂ ਸਾਹਿਬ ਦੇ ਜੀਵਨ ਸਬੰਧੀ ਵਿਸਤਾਰ ਸਹਿਤ ਸ਼ਬਦ ਅਤੇ ਗੀਤਾਂ ਰਾਹੀਂ ਜਾਣਕਾਰੀ ਦਿੱਤੀ। ਇਸ ਦਾ ਪ੍ਰੋਡਕਸ਼ਨ ਸ਼ਿਵ ਸੰਭੂ ਸਿੰਘ ਨੇ ਕੀਤਾ। ਦਾਸਤਾਨ-ਏ-ਗੁਰੂ ਨਾਨਕ ਦੀ ਪੇਸ਼ਕਾਰੀ ਦੇ ਮੌਕੇ ਪੰਜਾਬੀ ਪ੍ਰਚਾਰਨੀ ਸਭਾ ਦੇ ਮੁਖੀ ਭਾਈ ਮਨਿੰਦਰਪਾਲ ਸਿੰਘ, ਪੰਜਾਬੀ ਅਕਾਦਮੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਡਾ. ਤੇਜਿੰਦਰਪਾਲ ਸਿੰਘ ਨਲਵਾ, ਪੰਜਾਬੀ ਹੈਲਪਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ ਤੇ ਹੋਰ ਅਨੇਕਾਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਭਰਵੀਂ ਗਿਣਤੀ ਸ਼ਮੂਲੀਅਤ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਸੀ ਕਿ ਅਸੀਂ ਇਹ ਪ੍ਰੋਗਰਾਮ ਮਸ਼ਹੂਰ ਥੀਏਟਰ ‘ਅਟੈਲਰ’ ਗਰੁੱਪ ਦੀ ਸਹਾਇਤਾ ਨਾਲ ਕੀਤਾ ਹੈ। ‘ਰਾਬਤਾ’ ਦਾ ਮੂਲ ਉਦੇਸ਼ ਹੈ ਕਿ ਅਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਜੜ੍ਹਾਂ ਭਾਵ ਪੰਜਾਬੀ ਸੱਭਿਆਚਾਰ, ਵਿਰਾਸਤ ਅਤੇ ਗੁਰਬਾਣੀ ਨਾਲ ਜੋੜੀਏ, ਜਿਸ ਕਰਕੇ ਇਹ ਪਹਿਲਕਦਮੀ ਕੀਤੀ ਗਈ ਹੈ।