ਕੁਲਦੀਪ ਸਿੰਘ
ਨਵੀਂ ਦਿੱਲੀ, 27 ਨਵੰਬਰ
ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੇ ਹਿੰਦੀ ਸੰਪਾਦਕ ਡਾ. ਲਲਿਤ ਕਿਸ਼ੋਰ ਮੰਡੋਰਾ ਤੇ ਪੰਜਾਬੀ ਸੰਪਾਦਕ ਬੀਬੀ ਨਵਜੋਤ ਕੌਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੂੰ ਟਰੱਸਟ ਵੱਲੋਂ ਪ੍ਰਕਾਸ਼ਿਤ ਪੁਸਤਕ ‘ਬੋਲ ਮਰਦਾਨਿਆ’ ਭੇਟ ਕੀਤੀ ਪਰ ਕਾਲਕਾ ਦੇ ਰੁਝੇਵਿਆਂ ਕਾਰਨ ਇਹ ਪੁਸਤਕ ਦਿੱਲੀ ਕਮੇਟੀ ਦੇ ਮੈਂਬਰ ਓਂਕਾਰ ਸਿੰਘ ਰਾਜਾ ਨੇ ਪ੍ਰਾਪਤ ਕੀਤੀ। ਪੁਸਤਕ ਦੇ ਲੇਖਕ ਜਸਬੀਰ ਮੰਡ ਅਤੇ ਅਨੁਵਾਦਕ ਬਲਰਾਮ ਹਨ। ਇਸ ਮੌਕੇ ਓਂਕਾਰ ਸਿੰਘ ਰਾਜਾ ਨੇ ਕਿਹਾ ਕਿ ਟਰੱਸਟ ਵਲੋਂ ਪ੍ਰਕਾਸ਼ਿਤ ਪੁਸਤਕਾਂ ਨਿਰਸੰਦੇਹ ਪਾਠਕਾਂ ਦੀ ਰੁਚੀ ਨੂੰ ਧਿਆਨ ਵਿਚ ਰੱਖ ਕੇ ਪ੍ਰਕਾਸ਼ਿਤ ਕੀਤੀ ਗਈ ਹੈ, ਇਸ ਦੇ ਲਈ ਮੈਂ ਟਰੱਸਟ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਟਰੱਸਟ ਹੋਰ ਮਹੱਤਵਪੂਰਨ ਸ਼ਖ਼ਸੀਅਤਾਂ ਬਾਰੇ ਪੁਸਤਕਾਂ ਦਾ ਪ੍ਰਕਾਸ਼ਨ ਕਰੇ ਤਾਂ ਕਿ ਸਾਡੇ ਨਵੇਂ ਪਾਠਕਾਂ ਵਿਚ ਪੜ੍ਹਨ ਦਾ ਸੰਸਕਾਰ ਵਿਕਸਤ ਹੋ ਸਕੇ। ਬੀਬੀ ਨਵਜੋਤ ਕੌਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਸਾਲ ਨਵੀਆਂ ਪ੍ਰਕਾਸ਼ਨਾਵਾਂ ਪਾਠਕਾਂ ਲਈ ਉਪਲਬਧ ਕਰਵਾਈਆ ਜਾਣ, ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਛੇਤੀ ਮਹੱਤਵਪੂਰਨ ਸ਼ਖ਼ਸੀਅਤਾਂ ਦੇ ਹਿੰਦੀ ਅਨੁਵਾਦ ਪ੍ਰਕਾਸ਼ਿਤ ਕੀਤੇ ਜਾਣਗੇ। ਦੱਸਣਯੋਗ ਹੈ ਕਿ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ’ਚ ਆਯੋਜਿਤ ਪੁਸਤਕ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ ਗਿਆ। ਟਰੱਸਟ ਦੇ ਸਟਾਲ ’ਤੇ 335 ਚਰਚਿਤ ਪੁਸਤਕਾਂ ਨੂੰ ਪਾਠਕਾਂ ਲਈ ਵਿਕਰੀ ਵਾਸਤੇ ਮੁਹੱਈਆ ਕਰਾਇਆ ਗਿਆ ਹੈ।