ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹੁਣ ਉਨ੍ਹਾਂ ਪ੍ਰਿੰਟਰਾਂ, ਪ੍ਰਕਾਸ਼ਕਾਂ ਦੀ ਨਕੇਲ ਕੱਸਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ, ਜੋ ਅਨਜਾਣਪੁਣੇ ਜਾਂ ਸਿਰਫ਼ ਚੰਦ ਮੁਨਾਫ਼ਾ ਕਮਾਉਣ ਦੇ ਟੀਚੇ ਨਾਲ ਗੁਰਬਾਣੀ ਦੇ ਗੁਟਕਿਆਂ ’ਤੇ ਲੋਕਾਂ ਦੀਆਂ ਤਸਵੀਰਾਂ ਛਾਪ ਕੇ ਬੇਅਦਬੀ ਕਰ ਰਹੇ ਹਨ । ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਗੁਰਬਾਣੀ ਦੇ ਗੁਟਕੇ ਛਾਪਣ ਦਾ ਅਧਿਕਾਰ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਹੈ। ਇਸ ਲਈ ਸੰਗਤ ਨੂੰ ਜੇਕਰ ਕੋਈ ਗੁਟਕਾ ਸਾਹਿਬ ਕਿਸੇ ਨੂੰ ਭੇਟ ਕਰਨਾ ਹੈ ਤਾਂ ਇਨ੍ਹਾਂ ਸੰਸਥਾਨਾਂ ਤੋਂ ਛਪਾਈ ਕੀਤੇ ਗੁਟਕਾ ਸਾਹਿਬ ਹੀ ਲੈਣ ਕਿਉਂਕਿ ਕੁਝ ਪ੍ਰਕਾਸ਼ਕਾਂ ਦੁਆਰਾ ਗੈਰਕਾਨੂੰਨੀ ਤਰੀਕੇ ਨਾਲ ਛਪਾਈ ਕੀਤੇ ਗਏ ਗੁਟਕਾ ਸਾਹਿਬ ’ਚ ਕਈ ਤਰ੍ਹਾਂ ਦੀਆਂ ਕਮੀਆਂ ਹਨ ਜਿਸ ਨਾਲ ਬੇਅਦਬੀ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਕੁਝ ਪੰਥ ਦਰਦੀਆਂ ਵੱਲੋਂ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਇਸ ਗੱਲ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਕਿ ਸਿੱਖ ਧਰਮ ਅਤੇ ਮਰਯਾਦਾ ਦੀ ਜਾਣਕਾਰੀ ਦੀ ਘਾਟ ਵਜੋਂ ਕੁਝ ਪ੍ਰਿੰਟਰਾਂ ਵੱਲੋਂ ਬਿਨਾਂ ਕੋਈ ਪੁੱਛ-ਗਿੱਛ ਕੀਤੇ ਹੀ ਗੁਰਬਾਣੀ ਦੇ ਗੁਟਕਿਆਂ ਦੇ ਕਵਰ ਪੇਜ ਦੇ ਅੰਦਰ-ਬਾਹਰ ਕਿਤੇ ਨਾ ਕਿਤੇ ਕੋਈ ਫੋਟੋ ਛਾਪ ਦਿੱਤੀ ਜਾਂਦੀ ਹੈ ਜੋ ਕਿ ਬੇਅਦਬੀ ਹੈ । ਕਰਮਸਰ ਵੱਲੋਂ ਦਿੱਲੀ-ਐਨਸੀਆਰ ਦੇ ਸਾਰੇ ਰਜ਼ਿਸਟਰਡ ਪ੍ਰਿੰਟਰਾਂ-ਪ੍ਰਕਾਸ਼ਕਾਂ ਦੀ ਇਕ ਸੂਚੀ ਤਿਆਰ ਕਰਵਾਈ ਜਾ ਰਹੀ ਹੈ । ਸੂਚੀਬੱਧ ਹੋਏ ਪ੍ਰਿੰਟਰਾਂ ਦੀਆਂ ਐਸੋਸੀਏਸ਼ਨਾਂ ਦੇ ਮੁਖੀਆਂ ਨਾਲ ਧਰਮ ਪ੍ਰਚਾਰ ਕਮੇਟੀ ਦੀ ਟੀਮ ਵੱਲੋਂ ਮੀਟਿੰਗ ਕਰਕੇ ਉਨ੍ਹਾਂ ਨੂੰ ਸਿੱਖ ਧਰਮ ਦੀ ਰਹਿਤ-ਮਰਯਾਦਾ ਦੀ ਜਾਣਕਾਰੀ ਦਿੱਤੀ ਜਾਵੇਗੀ ਤੇ ਉਨ੍ਹਾਂ ਦੇ ਅਦਾਰੇ ’ਚ ਛਪਾਈ ਲਈ ਆਉਣ ਵਾਲੇ ਗੁਰਬਾਣੀ ਦੇ ਗੁਟਕਿਆਂ ਵਿੱਚ ਫੋਟੋ ਜਾਂ ਅਜਿਹੀ ਕੋਈ ਵੀ ਪ੍ਰਚਾਰ ਸਮੱਗਰੀ ਨਹੀਂ ਛਾਪਣ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਜਿਸ ਨਾਲ ਬੇਅਦਬੀ ਹੁੰਦੀ ਹੋਵੇ । ਬਾਵਜੂਦ ਇਸ ਦੇ ਜੇਕਰ ਕੋਈ ਪ੍ਰਿੰਟਰ ਅਜਿਹਾ ਕਰਨ ਤੋਂ ਬਾਜ਼ ਨਹੀਂ ਆਉਂਦਾ ਤਾਂ ਉਸ ਦੀ ਨਕੇਲ ਕੱਸਣ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਲੀਗਲ ਸੈਲ ਨਾਲ ਮਸ਼ਵਰਾ ਕਰਕੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ । ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਕ ਅਤੇ ਹੋਰਨਾਂ ਸਿੰਘ ਸਭਾ ਗੁਰਦੁਆਰਿਆਂ ਦੇ ਬਾਹਰ ਸਟਾਲ ਸੰਚਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹਾ ਕੋਈ ਵੀ ਗੁਟਕਾ ਵੇਚਣ ਤੋਂ ਗੁਰੇਜ਼ ਕਰਨ।