ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਾਰਚ
ਦਿੱਲੀ ਨਗਰ ਨਿਗਮ ਦੀਆਂ ਚੋਣਾਂ ਟਲਣ ਦੇ ਮੱਦੇਨਜ਼ਰ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਪਾਰਟੀ ਨੂੰ ਦਿੱਲੀ ਵਿੱਚ ਖੜ੍ਹੀ ਕਰਨ ਦੀ ਕਵਾਇਦ ਜਾਰੀ ਹੈ। ਚੋਣਾਂ ਦੇ ਅੱਗੇ ਪੈਣ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਦਫ਼ਤਰ ਵਿੱਚ ਕਰੀਬ ਇਕ ਹਜ਼ਾਰ ਲੋਕਾਂ ਨੇ ਨਿਗਮ ਚੋਣਾਂ ਵਿੱਚ ਖੜ੍ਹੇ ਹੋਣ ਦੀ ਇੱਛਾ ਪ੍ਰਗਟਾਈ ਸੀ। ਪਾਰਟੀ ਦੇ ਸੀਨੀਅਰ ਆਗੂਆਂ ਸੂਬਾ ਪ੍ਰਧਾਨ ਅਨਿਲ ਕੁਮਾਰ, ਉਪ ਪ੍ਰਧਾਨ ਮੁਰਦਿਤ ਅਗਰਵਾਲ, ਚੱਤਰ ਸਿੰਘ, ਜਤਿੰਦਰ ਕੋਚਰ ਸਮੇਤ ਅਜੈ ਮਾਕਨ, ਸੁਭਾਸ਼ ਚੋਪੜਾ, ਅਰਵਿੰਦਰ ਸਿੰਘ ਲਵਲੀ ਆਗੂਆਂ ਦਰਮਿਆਨ ਛੋਟੀਆਂ ਬੈਠਕਾਂ ਦਾ ਦੌਰ ਬੀਤੇ ਦਿਨੀਂ ਚਲਾਇਆ ਗਿਆ ਸੀ ਕਿ ਆਗੂਆਂ ਦਰਮਿਆਨ ਇੱਕਸੁਰਤਾ ਲਿਆਉਣੀ ਜ਼ਰੂਰੀ ਹੈ। ਅਜੈ ਮਾਕਨ ਮੁਤਾਬਕ ‘ਆਪ’ ਦਾ ਅਸਲੀ ਚਿਹਰਾ ਸਿਰਫ਼ ਕਾਂਗਰਸ ਹੀ ਦਿਖਾ ਸਕਦੀ ਹੈ ਤੇ ਨਿਗਮ ਚੋਣਾਂ ਦੌਰਾਨ ਪਾਰਟੀ ਇੱਕਜੁੱਟ ਹੋ ਕੇ ਖੜ੍ਹੀ ਨਜ਼ਰ ਆਵੇਗੀ।