ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਦਸੰਬਰ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਅੱਜ ਨੂੰ ਕਿਹਾ ਕਿ ਓਮੀਕਰੋਨ ਹੌਲੀ-ਹੌਲੀ ਕਮਿਊਨਿਟੀ ’ਚ ਫੈਲ ਰਿਹਾ ਹੈ ਤੇ ਕੌਮੀ ਰਾਜਧਾਨੀ ਵਿੱਚ ਤਾਜ਼ਾ ਨਮੂਨਿਆਂ ਵਿੱਚੋਂ 46 ਪ੍ਰਤੀਸ਼ਤ ਵਿੱਚ ਨਵਾਂ, ਤੇਜ਼ੀ ਨਾਲ ਫੈਲਣ ਵਾਲਾ ਰੂਪ ਪਾਇਆ ਗਿਆ ਹੈ। ਜੈਨ ਨੇ ਕਿਹਾ ਕਿ ਲਾਗ ਦੇ ਫੈਲਣ ਨੂੰ ਰੋਕਣ ਲਈ ਕੋਵਿਡ -19 ਲਈ ‘ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ’ ਦੇ ਹਿੱਸੇ ਵਜੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ ਤੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਹੋਰ ਪਾਬੰਦੀਆਂ ਲਾਗੂ ਕਰਨ ਦਾ ਫ਼ੈਸਲਾ ਕਰੇਗੀ।
ਜੈਨ ਨੇ ਕਿਹਾ, ‘‘ਨਵਾਂ ਜੀਨੋਮ ਸੀਕਵੈਂਸਿੰਗ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ 46 ਪ੍ਰਤੀਸ਼ਤ ਨਮੂਨਿਆਂ ਵਿੱਚ ਓਮੀਕਰੋਨ ਹੈ। ਇਨ੍ਹਾਂ ਲੋਕਾਂ ਵਿੱਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਦਾ ਕੋਈ ਯਾਤਰਾ ਇਤਿਹਾਸ ਨਹੀਂ ਹੈ। ਇਸ ਦਾ ਮਤਲਬ ਹੈ ਕਿ ਓਮੀਕਰੋਨ ਹੁਣ ਦਿੱਲੀ ਦੇ ਅੰਦਰ ਹੈ। ਦਰਅਸਲ, ਇਹ ਰੂਪ ਹੌਲੀ-ਹੌਲੀ ਕਮਿਊਨਿਟੀ ਵਿੱਚ ਫੈਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਅਨੁਪਾਤ ਵਧੇਗਾ।’’ ਮੰਤਰੀ ਨੇ ਕਿਹਾ ਕਿ ਓਮੀਕਰੋਨ ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਵਿੱਚ ਮੁੱਖ ਰੂਪ ਹੋਵੇਗਾ। ਇਹ ਵੀ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿੱਚ 200 ਕਰੋਨਾਵਾਇਰਸ ਕੇਸਾਂ ਵਿੱਚੋਂ ਸਿਰਫ 102 ਸ਼ਹਿਰ ਨਾਲ ਸਬੰਧਤ ਹਨ। ਦਿੱਲੀ ਵਿੱਚ ਹਸਪਤਾਲ ਵਿੱਚ ਦਾਖਲ ਕੋਵਿਡ ਮਰੀਜ਼ਾਂ ਵਿੱਚੋਂ, 115 ਵਿੱਚ ਕੋਈ ਲੱਛਣ ਨਹੀਂ ਹਨ ਤੇ ਸਾਵਧਾਨੀ ਵਜੋਂ ਹਸਪਤਾਲਾਂ ਵਿੱਚ ਰੱਖਿਆ ਗਿਆ ਹੈ। ਜੈਨ ਨੇ ਕਿਹਾ ਕਿ ਹਸਪਤਾਲ ਵਿਚ ਦਾਖਲ ਕੋਈ ਵੀ ਮਰੀਜ਼ ਆਕਸੀਜਨ ’ਤੇ ਨਹੀਂ ਹੈ। ਜੈਨ ਨੇ ਕਿਹਾ ਦਿੱਲੀ ਨੇ ਵਿਆਹਾਂ ਤੇ ਅੰਤਿਮ ਸੰਸਕਾਰ ਸਮੇਤ ਇਕੱਠਾਂ ’ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ। ਸਕੂਲ, ਜਿੰਮ ਤੇ ਸਪਾ ਬੰਦ ਕਰ ਦਿੱਤੇ ਗਏ ਹਨ, ਦੁਕਾਨਾਂ ਤੇ ਮਾਲ ਵਿਕਲਪਕ ਦਿਨਾਂ ’ਤੇ ਖੁੱਲ੍ਹਣਗੇ ਤੇ ਮੈਟਰੋ ਟਰੇਨਾਂ ਅਤੇ ਬੱਸਾਂ 50 ਪ੍ਰਤੀਸ਼ਤ ਸਮਰੱਥਾ ਨਾਲ ਚੱਲਣਗੀਆਂ। ਹੋਰ ਪਾਬੰਦੀਆਂ ਬਾਰੇ ਫੈਸਲਾ ਡੀਡੀਐੱਮਏ ਦੀ ਮੀਟਿੰਗ ਵਿੱਚ ਲਿਆ ਜਾਵੇਗਾ।