ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਗਈ ਨੌਂ ਮੈਂਬਰੀ ਕਮੇਟੀ ਵਿਚ ਅੱਜ ਦੋ ਮੈਂਬਰਾਂ ਵਿਚ ਅਵਤਾਰ ਸਿੰਘ ਹਿੱਤ ਨੂੰ ਸ਼ਾਮਲ ਕਰਨ ’ਤੇ ਸਖ਼ਤ ਇਤਰਾਜ਼ ਕੀਤਾ ਹੈ। ਕਾਲਕਾ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਤਖ਼ਤ ਪਟਨਾ ਸਾਹਿਬ ਦਾ ਨੁਮਾਇੰਦਾ ਇਸ ਕਮੇਟੀ ਵਿਚ ਪਾਉਣਾ ਚਾਹੁੰਦੀ ਹੈ ਤਾਂ ਜਨਰਲ ਸਕੱਤਰ, ਮੀਤ ਪ੍ਰਧਾਨ ਜਾਂ ਕੋਈ ਹੋਰ ਅਹੁਦੇਦਾਰ ਸ਼ਾਮਲ ਕੀਤਾ ਜਾ ਸਕਦਾ ਹੈ, ਪਰ ਜਿਸ ਵਿਅਕਤੀ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ, ਬਾਣੀ ਨੂੰ ਤੋੜ-ਮਰੋੜ ਕੇ ਛਾਪਣ ਦਾ ਕੇਸ ਚੱਲਦਾ ਹੋਵੇ ਜੋ ਅਕਾਲ ਤਖ਼ਤ ਸਾਹਿਬ ’ਤੇ ਸੁਣਵਾਈ ਅਧੀਨ ਹੋਵੇ, ਉਸ ਨੂੰ ਸ਼ਾਮਲ ਕਰਨ ’ਤੇ ਸਖ਼ਤ ਇਤਰਾਜ਼ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਮਾਮਲੇ ਦੀ ਮੁੜ ਸਮੀਖਿਆ ਕਰਨ ਦੀ ਅਅਪੀਲ ਕੀਤੀ। ਉਧਰ, ਅਵਤਾਰ ਸਿੰਘ ਹਿਤ ਨੇ ਦੋਸ਼ ਲਾਇਆ ਕਿ ਹਰਮੀਤ ਸਿੰਘ ਕਾਲਕਾ ਨੇ ਉਸ ਪਾਰਟੀ ਨੂੰ ਵੇਚ ਦਿੱਤਾ ਹੈ ਜਿਸ ਨੇ ਉਸਨੂੰ ਸਭ ਕੁੱਝ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਲਕਾ ਨੂੰ ਗੁਰਬਾਣੀ ਦਾ ਇਲਮ ਨਹੀਂ ਹੈ।