ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਮੰਤਰੀ ਸਤੇਂਦਰ ਜੈਨ ਦੇ ਨਜ਼ਦੀਕੀ ਸਾਥੀਆਂ ਨੂੰ ਹੌਲੀ-ਹੌਲੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਤੇ ਕਥਿਤ ਦੋਸ਼ ਸਾਬਤ ਹੋ ਰਹੇ ਹਨ ਪਰ ਇਸ ਦੇ ਬਾਵਜੂਦ ਕੇਜਰੀਵਾਲ ਨੇ ਸਤੇਂਦਰ ਜੈਨ ਨੂੰ ਅੱਜ ਵੀ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਜੈਨ ਨੂੰ ਗ੍ਰਿਫਤਾਰ ਹੋਏ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਫਿਰ ਵੀ ਕੇਜਰੀਵਾਲ ਆਪਣੀ ਕੱਟੜਤਾ ਕਾਰਨ ਉਸ ਨੂੰ ਮੰਤਰੀ ਮੰਡਲ ਵਿੱਚ ਥਾਂ ਦੇਣ ਲਈ ਮਜਬੂਰ ਹੈ। ਜੈਨ ਦੇ ਦੋ ਨਜ਼ਦੀਕੀ ਸਾਥੀਆਂ ਅੰਕੁਸ਼ ਜੈਨ ਅਤੇ ਵੈਭਵ ਜੈਨ ਦੀ ਗ੍ਰਿਫਤਾਰੀ ‘ਤੇ ਆਦੇਸ਼ ਗੁਪਤਾ ਨੇ ਕਿਹਾ ਕਿ ਜਨਤਾ ਨੂੰ ਧੋਖਾ ਦੇਣ ਵਾਲਾ ਇਹ ਉਹੀ ਕੇਜਰੀਵਾਲ ਹੈ, ਜੋ ਕਹਿੰਦੇ ਸਨ ਕਿ ਉਹ ਸਿਰਫ ਵੀਡੀਓ ਦੇ ਆਧਾਰ ‘ਤੇ ਮੰਤਰੀਆਂ ਨੂੰ ਬਰਖਾਸਤ ਕਰਦੇ ਹਨ। ਮੰਤਰੀ ਨੂੰ ਹੁਣ ਤੱਕ ਬਰਖਾਸਤ ਨਾ ਕਰਨਾ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ, ਜਿਸ ਨੂੰ ਭਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।