ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਸਤੰਬਰ
ਉੱਤਰੀ ਰੇਲਵੇ ਤੇ ਦਿੱਲੀ ਨਗਰ ਨਿਗਮ ਨੇ ਸਾਂਝੇ ਤੌਰ ’ਤੇ ਮੱਛਰਾਂ ਦੇ ਲਾਰਵੇ ਦੇ ਵਾਧੇ ਨੂੰ ਰੋਕਣ ਅਤੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਲਈ ਇੱਕ ਮੱਛਰ ਟਰਮੀਨੇਟਰ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ ਹੈ। ਇਹ ਰੇਲਗੱਡੀ ਰੇਲ ਪਟੜੀਆਂ ਦੇ ਦੋਵੇਂ ਪਾਸੇ ਛਿੜਕਾਅ ਕਰੇਗੀ। ਸਪੈਸ਼ਲ ਰੇਲ ਇੱਕ ਮਹੀਨੇ ਦੀ ਦੇਰੀ ਨਾਲ ਚੱਲ ਰਹੀ ਹੈ। ਇਹ ਪੂਰੇ ਐੱਨਸੀਆਰ ਖੇਤਰ ਨੂੰ ਕਵਰ ਕਰਨ ਵਾਲੇ ਰੇਲਵੇ ਟਰੈਕਾਂ ਦੇ ਨਾਲ ਕੀਟਨਾਸ਼ਕਾਂ ਦਾ ਛਿੜਕਾਅ ਕਰੇਗੀ। ਉੱਤਰੀ ਰੇਲਵੇ ਦੇ ਦਿੱਲੀ ਡਿਵੀਜ਼ਨ ਦੁਆਰਾ ਐੱਮਸੀਡੀ ਵੱਲੋਂ ਦਿੱਤੇ ਗਏ ਇੱਕ ਪਾਵਰ ਸਪ੍ਰੇਅਰ ਨੂੰ ਇੱਕ ਟਰੱਕ ’ਤੇ ਲਗਾਇਆ ਹੈ, ਜੋ ਕਿ ਰੇਲਗੱਡੀ ਦੇ ਉੱਪਰ ਰੱਖਿਆ ਗਿਆ ਹੈ। ਇਹ ਸਪਰੇਅ ਰੇਲਵੇ ਪਟੜੀਆਂ ਦੇ ਦੋਵੇਂ ਪਾਸੇ 50 ਤੋਂ 60 ਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਖੇਤਰ ਨੂੰ ਕਵਰ ਕਰੇਗੀ। ਮੌਸਕੀਟੋ ਟਰਮੀਨੇਟਰ ਰੇਲਗੱਡੀ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੇਗੀ। ਅਧਿਕਾਰੀਆਂ ਨੇ ਦੱਸਿਆ ਕਿ ਰੇਲਗੱਡੀ 22 ਅਕਤੂਬਰ ਤੱਕ ਛੇ ਹਫ਼ਤਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰੇਗੀ।
ਦਿੱਲੀ ਵਿੱਚ 27 ਅਗਸਤ ਤੱਕ ਡੇਂਗੂ ਦੇ 205 ਮਾਮਲੇ ਦਰਜ ਕੀਤੇ ਗਏ ਸਨ। ਇਸ ਦੌਰਾਨ ਮਲੇਰੀਆ ਤੇ ਚਿਕਨਗੁਨੀਆ ਦੇ ਕ੍ਰਮਵਾਰ 40 ਅਤੇ 13 ਮਾਮਲੇ ਵੀ ਸਾਹਮਣੇ ਆਏ ਹਨ। ਅਜੇ ਤੱਕ ਇਨ੍ਹਾਂ ਬਿਮਾਰੀਆਂ ਕਾਰਨ ਕੋਈ ਮੌਤ ਨਹੀਂ ਹੋਈ ਹੈ। ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਦਿੱਲੀ ਵਿੱਚ ਡੇਂਗੂ ਦੇ 9,613 ਮਾਮਲੇ ਦਰਜ ਕੀਤੇ ਗਏ, ਜੋ 2015 ਤੋਂ ਬਾਅਦ ਸਭ ਤੋਂ ਵੱਧ ਸਨ। 2016 ਵਿੱਚ ਦਿੱਲੀ ਵਿੱਚ ਕੁੱਲ 4,431 ਡੇਂਗੂ ਦੇ ਮਾਮਲੇ ਦਰਜ ਕੀਤੇ ਗਏ ਸਨ, ਇਸ ਤੋਂ ਬਾਅਦ 2017 ਵਿੱਚ 4,726, 2018 ਵਿੱਚ 2,798, 2019 ਵਿੱਚ 2,036 ਅਤੇ 2020 ਵਿੱਚ 1,072 ਸਨ।