ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜਨਵਰੀ
ਦਿੱਲੀ ਵਿੱਚ ਵਧਦੇ ਕਰੋਨਾ ਦੇ ਮਰੀਜ਼ਾਂ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਭਾਵੇਂ ਹਰ ਰੋਜ਼ ਵਧ ਰਹੀ ਹੈ ਪਰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਮਰੀਜ਼ਾਂ ਵਿੱਚ ਜਾਂ ਤਾਂ ਇਸਦੇ ਲੱਛਣ ਨਹੀਂ ਜਾਂ ਫਿਰ ਬੜੇ ਹਲਕੇ ਲੱਛਣ ਦਿਖਾਈ ਦੇ ਰਹੇ ਹਨ। ਇਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਘਬਰਾਉਣ ਤੋਂ ਬਚਣ ਤੇ ਸਾਨੂੰ ਜ਼ਿੰਮੇਵਾਰ ਬਣਨਾ ਪਵੇਗਾ, ਘਬਰਾਉਣ ਤੇ ਚਿੰਤਾ ਕਰਨ ਦੀ ਲੋੜ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਇਸ ਵੇਲੇ ਦਿੱਲੀ ਵਿੱਚ 6300 ਐਕਟਿਵ ਕੇਸ ਹਨ ਤੇ ਸਿਰਫ 82 ਬੈੱਡ ਭਰੇ ਹੋਏ ਹਨ। ਅੱਜ ਸਿਰਫ਼ 5 ਮਰੀਜ਼ ਵੈਂਟੀਲੇਟਰ ’ਤੇ ਹਨ। ਇਸ ਸਮੇਂ ਹਸਪਤਾਲਾਂ ਵਿੱਚ 0.22 ਫੀਸਦੀ ਬੈੱਡ ਭਰੇ ਪਏ ਹਨ ਤੇ 99.78 ਫੀਸਦੀ ਬੈੱਡ ਖਾਲੀ ਹਨ। ਹਸਪਤਾਲ ਵਿੱਚ ਆਉਣ ਵਾਲੇ ਕਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਹੈ। ਦਿੱਲੀ ਸਰਕਾਰ 37 ਹਜ਼ਾਰ ਆਕਸੀਜਨ ਬੈੱਡਾਂ ਦੀ ਤਿਆਰੀ ਕਰ ਰਹੀ ਹੈ। 29 ਦਸੰਬਰ ਨੂੰ ਲਗਪੱਗ 2 ਹਜ਼ਾਰ ਐਕਟਿਵ ਕੇਸ ਸਨ ਤੇ 262 ਬੈੱਡ ਭਰੇ ਗਏ ਸਨ ਜਦੋਂ ਕਿ 1 ਜਨਵਰੀ ਨੂੰ 6 ਹਜ਼ਾਰ ਐਕਟਿਵ ਕੇਸ ਸਨ ਅਤੇ 247 ਬੈੱਡ ਭਰੇ ਗਏ ਸਨ।ਉਨ੍ਹਾਂ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਰੋਜ਼ਾਨਾ ਮਾਮਲੇ ਢਾਈ ਤੋਂ ਤਿੰਨ ਹਜ਼ਾਰ ਨੂੰ ਪਾਰ ਕਰ ਰਹੇ ਹਨ। ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸੇ ਤਰ੍ਹਾਂ ਦਿੱਲੀ ਸਰਕਾਰ ਨੇ ਰਾਜਧਾਨੀ ਵਿਚ 159 ਸਥਾਨਾਂ ’ਤੇ ਪੰਦਰਾਂ ਤੋਂ ਅਠਾਰਾਂ ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵਿਡ-19 ਵਿਰੁੱਧ ਟੀਕਾਕਰਨ ਮੁਹਿੰਮ ਕੋਵਿਡ-19 ਦੇ ਵਿਰੁੱਧ ਮੁਹਿੰਮ ਸੋਮਵਾਰ ਤੋਂ ਸ਼ੁਰੂ ਹੋਵੇਗੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਟੀਕਾਕਰਨ ਥਾਵਾਂ ’ਤੇ ਜਿੱਥੇ ਬੱਚਿਆਂ ਦੀ ਕੋਵਿਡ-19 ਟੀਕਾਕਰਨ ਸੋਮਵਾਰ ਤੋਂ ਸ਼ੁਰੂ ਹੋਵੇਗੀ, ਕੌਮੀ ਰਾਜਧਾਨੀ ਦੇ ਸਾਰੇ ਗਿਆਰਾਂ ਜ਼ਿਲ੍ਹਿਆਂ ਵਿੱਚ ਵੰਡੀਆਂ ਗਈਆਂ ਹਨ। ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਿੰਦੂ ਰਾਓ, ਗਿਰਧਾਰੀ ਲਾਲ, ਕਸਤੂਰਬਾ ਵਰਗੇ ਹਸਪਤਾਲਾਂ ਸਮੇਤ ਸਾਰੇ 159 ਕੇਂਦਰ, 60 ਐਮਸੀਡੀ, ਦਿੱਲੀ ਸਰਕਾਰ, ਨਵੀਂ ਦਿੱਲੀ ਮਿਉਂਸਪਲ ਕੌਂਸਲ ਅਤੇ ਕੰਟੋਨਮੈਂਟ ਬੋਰਡ ਸਕੂਲ ਵਿਸ਼ੇਸ਼ ਤੌਰ ’ਤੇ ਯੋਗ ਬੱਚਿਆਂ ਦਾ ਟੀਕਾਕਰਨ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਟੀਕਾਕਰਨ ਵਾਲੀਆਂ ਸਾਰੀਆਂ ਥਾਵਾਂ ’ਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾਣਗੀਆਂ ਤੇ ਟੀਕਾਕਰਨ ਤੋਂ ਬਾਅਦ ਪ੍ਰਬੰਧਨ ਲਈ ਹਸਪਤਾਲਾਂ ਨੂੰ ਸਮਰਪਿਤ ਸਰਕਾਰੀ ਹਸਪਤਾਲਾਂ ਨਾਲ ਜੋੜਿਆ ਗਿਆ ਹੈ। ਇਸੇ ਤਰ੍ਹਾਂ ਦਿੱਲੀ ਦੇ ਸਿਹਤ ਵਿਭਾਗ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਐਤਵਾਰ ਨੂੰ 3,194 ਤਾਜ਼ਾ ਕੋਵਿਡ ਕੇਸਾਂ ਦੀ ਰਿਪੋਰਟ ਕੀਤੀ ਗਈ ਜੋ ਕਿ 20 ਮਈ ਤੋਂ ਬਾਅਦ ਸਭ ਤੋਂ ਵੱਧ ਇੱਕ ਦਿਨ ਵਿੱਚ ਵਾਧਾ ਹੈ ਤੇ ਇੱਕ ਮੌਤ ਹੋਈ ਜਦੋਂ ਕਿ ਪਾਜ਼ੇਟਿਵ ਦਰ ਵਧ ਕੇ 4.59 ਪ੍ਰਤੀਸ਼ਤ ਹੋ ਗਈ ਹੈ। ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦੁਆਰਾ ਪ੍ਰਵਾਨਿਤ ‘ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ’ ਦੇ ਤਹਿਤ ਜੇਕਰ ਪਾਜ਼ੇਟਿਵ ਦਰ ਲਗਾਤਾਰ ਦੋ ਦਿਨਾਂ ਲਈ ਪੰਜ ਪ੍ਰਤੀਸ਼ਤ ਤੋਂ ਵੱਧ ਹੈ ਤਾਂ ਇੱਕ ‘ਰੈੱਡ’ ਅਲਰਟ ਵੱਜਿਆ ਜਾ ਸਕਦਾ ਹੈ ਜਿਸ ਨਾਲ ‘ਕੁੱਲ ਕਰਫਿਊ’ ਹੋ ਸਕਦਾ ਹੈ ਤੇ ਜ਼ਿਆਦਾਤਰ ਆਰਥਿਕ ਗਤੀਵਿਧੀਆਂ ਨੂੰ ਰੋਕਿਆ ਜਾ ਸਕਦਾ ਹੈ। ਐਤਵਾਰ ਨੂੰ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਇੱਕ ਦਿਨ ਪਹਿਲਾਂ ਦਰਜ ਕੀਤੇ ਗਏ 2,716 ਅੰਕੜਿਆਂ ਨਾਲੋਂ 17 ਪ੍ਰਤੀਸ਼ਤ ਵੱਧ ਸੀ।
ਜੀਂਦ ਦੇ 75 ਹਜ਼ਾਰ ਨੌਜਵਾਨਾਂ ਲਈ ਟੀਕਾਕਰਨ ਅੱਜ ਤੋਂ
ਜੀਂਦ (ਮਹਾਂਵੀਰ ਮਿੱਤਲ): ਕਰੋਨਾ ਮਹਾਮਾਰੀ ਨੂੰ ਰੋਕਣ ਲਈ ਨਵੇਂ ਸਾਲ ਵਿੱਚ ਵੈਕਸੀਨ ਦਾ ਦਾਇਰਾ ਵਧਾਇਆ ਜਾ ਰਿਹਾ ਹੈ। ਜਿਸਦੇ ਅਨੁਸਾਰ ਹੁਣ 15 ਸਾਲਾਂ ਤੋਂ 18 ਸਾਲਾਂ ਤੱਕ ਦੇ ਨੌਜਵਾਨਾਂ ਦੇ ਨਾਲ-ਨਾਲ 60 ਸਾਲ ਤੋਂ ਵੱਡੀ ਉਮਰ ਵਾਲੇ ਬਜ਼ੁਰਗਾਂ, ਜਿਨ੍ਹਾਂ ਨੂੰ ਦੋਵੇਂ ਵੈਕਸੀਨਾਂ ਲੱਗ ਚੁੱਕੀਆਂ ਹਨ, ਨੂੰ ਵੀ ਪਰਕਿਓਸ਼ਕ ਡੋਜ਼ ਦਿੱਤੀ ਜਾਵੇਗੀ। ਸਿਹਤ ਵਿਭਾਗ ਨੇ ਇਸ ਸਬੰਧੀ ਅਪਣੀ ਪੂਰੀ ਤਿਆਰੀ ਕਰ ਲਈ ਹੈ। ਕੱਲ੍ਹ 3 ਜਨਵਰੀ ਤੋਂ ਇਹ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਏਗਾ।
ਕੇਜਰੀਵਾਲ ਲਈ ਕਰੋਨਾ ਨਹੀਂ, ਸਗੋਂ ਚੋਣ ਰਾਜਨੀਤੀ ਚਿੰਤਾ ਦਾ ਵਿਸ਼ਾ: ਕਾਂਗਰਸ
ਨਵੀਂ ਦਿੱਲੀ: ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਇਹ ਕਹਿ ਕੇ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦਿੱਲੀ ਦੇ ਲੋਕਾਂ ਨੂੰ ਕਰੋਨਾ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਲੋੜੀਂਦੇ ਸਾਧਨ ਤੇ ਸਹੂਲਤਾਂ ਹਨ। ਜਦੋਂ ਕਿ ਸਾਰੇ ਜਾਣਦੇ ਹਨ ਕਿ ਅਰਵਿੰਦ ਕੇਜਰੀਵਾਲ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੈ, ਉਹ ਕਹਿੰਦੇ ਕੁਝ ਹੋਰ ਹੈਨ ਤੇ ਕਰਦੇ ਕੁਝ ਹੋਰ ਹਨ। ਉਨ੍ਹਾਂ ਕਿਹਾ ਕਿ ਮਾਹਿਰਾਂ ਨੇ ਪਹਿਲਾਂ ਹੀ ਕੋਵਿਡ ਦੀ ਤੀਜੀ ਲਹਿਰ ਦੇ ਗੰਭੀਰ ਨਤੀਜਿਆਂ, ਖਾਸ ਤੌਰ ’ਤੇ ਤੇਜ਼ੀ ਨਾਲ ਫੈਲਣ ਵਾਲੇ ਓਮੀਕ੍ਰੋਨ ਵੇਰੀਐਂਟ ਦੇ ਬਾਰੇ ਚੇਤਾਵਨੀ ਦਿੱਤੀ ਹੈ। ਪਰ ਮੁੱਖ ਮੰਤਰੀ ਅਰਵਿੰਦ ਵਾਰ-ਵਾਰ ਬਿਆਨਬਾਜ਼ੀ ਨਾਲ ਵੱਖਰਾ ਸਟੈਂਡ ਲੈ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪਾਜ਼ੇਟਿਵ ਦਰ ਵਧ ਕੇ 3.64 ਫੀਸਦੀ ਹੋ ਗਈ ਹੈ, ਜੇਕਰ ਇਹ ਦਰ ਇਸੇ ਤਰ੍ਹਾਂ ਵਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ’ਚ ਫਿਰ ਤੋਂ ਮੁਕੰਮਲ ਤਾਲਾਬੰਦੀ ਦੀ ਸਥਿਤੀ ਆ ਜਾਵੇਗੀ ਪਰ ਮੁੱਖ ਮੰਤਰੀ ਜ਼ਮੀਨੀ ਹਕੀਕਤ ਤੋਂ ਅਣਜਾਣ ਹਨ। ਅਨਿਲ ਕੁਮਾਰ ਨੇ ਕਿਹਾ ਕਿ ਅਮਰੀਕਾ, ਇੰਗਲੈਂਡ ਤੇ ਯੂਰਪੀਅਨ ਦੇਸ਼ਾਂ ਦੇ ਹਸਪਤਾਲ ਗੰਭੀਰ ਹਾਲਤ ਵਿੱਚ ਹਨ ਜਿੱਥੇ ਹਸਪਤਾਲ ਕੋਵਿਡ ਦੇ ਮਰੀਜ਼ਾਂ ਨਾਲ ਭਰੇ ਹੋਏ ਹਨ ਅਤੇ ਦਿੱਲੀ ਵਿੱਚ ਪੰਜ ਗੁਣਾ ਤੇਜ਼ੀ ਨਾਲ ਲਾਗ ਫੈਲਣ ਦੇ ਬਾਵਜੂਦ ਮੁੱਖ ਮੰਤਰੀ ਕਹਿੰਦੇ ਹਨ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਕੋਵਿਡ ਦੇ ਐਕਟਿਵ ਕੇਸ ਤਿੰਨ ਗੁਣਾ ਦੀ ਤੇਜ਼ੀ ਨਾਲ ਵੱਧ ਰਹੇ ਹਨ। ਮੁੱਖ ਮੰਤਰੀ ਅਰਵਿੰਦ 4 ਦਿਨਾਂ ਤੋਂ ਆਪਣੇ ਸਿਆਸੀ ਦੌਰੇ ’ਤੇ ਦਿੱਲੀ ਤੋਂ ਗਾਇਬ ਹਨ ਅਤੇ ਹੁਣ ਉਹ ਲਖਨਊ ਦੇ ਦੌਰੇ ’ਤੇ ਹਨ ਤੇ ਪਿਛਲੇ ਸਾਲ ਅਪਰੈਲ ’ਚ ਅਜਿਹਾ ਹੀ ਲਾਪਰਵਾਹੀ ਵਾਲਾ ਰਵੱਈਆ ਦਿਖਾਇਆ ਸੀ, ਜਦੋਂ ਇਕ ਮਹੀਨੇ ਦੇ ਅੰਦਰ ਹੀ ਕਰੋਨਾ ਮਹਾਮਾਰੀ ਕਾਬੂ ਤੋਂ ਬਾਹਰ ਹੋ ਗਈ ਸੀ ਅਤੇ ਦਿੱਲੀ ’ਚ ਹਜ਼ਾਰਾਂ ਮੌਤਾਂ ਹੋ ਗਈਆਂ ਸਨ।
ਯਮੁਨਾਨਗਰ ਵਿੱਚ 8 ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ
ਯਮੁਨਾਨਗਰ (ਪੱਤਰ ਪ੍ਰੇਰਕ): ਯਮੁਨਾਨਗਰ ਵਿੱਚ 8 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਕਾਰਨ ਕਰੋਨਾ ਪੀੜਤਾਂ ਦੀ ਗਿਣਤੀ 41 ਹੋ ਗਈ ਹੈ । ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਦਾ ਰਿਕਵਰੀ ਰੇਟ 98.17 ਫੀਸਦੀ ਹੈ ਅਤੇ ਕੁਲ ਆਬਾਦੀ ਦਾ 44.47 ਫੀਸਦੀ ਦਾ ਕਰੋਨਾ ਟੈਸਟ ਹੋ ਚੁੱਕਿਆ ਹੈ । ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਦੇ ਨਵੇਂ ਵੈਰਿਏਂਟ ਓਮੀਕਰੋਨ ਸਬੰਧੀ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨੋ ਮਾਸਕ, ਨੋ ਸਰਵਿਸ ਅਤੇ ਨੋ ਵੈਕਸੀਨੇਸ਼ਨ, ਨੋ ਐਂਟਰੀ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।