ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਦਸੰਬਰ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਜੇਪੀ ਨੱਡਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਇੱਥੇ ‘ਰਨ ਫਾਰ ਹਿਮਾਚਲ’-ਹਿਮਾਚਲ ਮੈਰਾਥਨ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਮਾਗਮ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਰਾਜ ਦੀ 50ਵੀਂ ਵਰ੍ਹੇਗੰਢ ਦੇ ਚੱਲ ਰਹੇ ਜਸ਼ਨਾਂ ਦਾ ਹਿੱਸਾ ਸੀ। ਇਸ ਮੌਕੇ ਨੱਡਾ ਨੇ ‘ਐਨਸੀਆਰ’ ’ਚ ਰਹਿੰਦੇ ਹਿਮਾਚਲੀ ਵਾਸੀਆਂ ਨੂੰ ਮੁੱਖ ਧਾਰਾ ’ਚ ਸ਼ਾਮਲ ਹੋਣ ਤੇ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਵਰਣਮ ਹਿਮਾਚਲ ਮਹੋਤਸਵ ਪ੍ਰੋਗਰਾਮ ’ਚ ਨੱਡਾ ਨੇ ਕਿਹਾ ਕਿ ਹਿਮਾਚਲੀ ਲੋਕ ਆਪਣੀਆਂ ਜੜ੍ਹਾਂ ਨਾਲ ਬਹੁਤ ਜੁੜੇ ਹੋਏ ਹਨ ਭਾਵੇਂ ਉਹ ਕਿਤੇ ਵੀ ਰਹਿੰਦੇ ਹਨ। ਇਸ ਮੌਕੇ ਮੁੱਖ ਮੰਤਰੀ ਠਾਕੁਰ ਨੇ ਐੱਨ.ਸੀ.ਆਰ. ਵਿੱਚ ਰਹਿੰਦੇ ਹਿਮਾਚਲੀ ਵਾਸੀਆਂ ਦੇ ਜਜ਼ਬੇ ਤੇ ਸੂਬੇ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ।