ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿੱਚ ਸਥਿਤ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿੱਚ ਲੋਕਾਂ ਲਈ 50 ਰੁਪਏ ਵਿੱਚ ਐੱਮਆਰਆਈ ਤੇ 600 ਰੁਪਏ ਵਿੱਚ ਡਾਇਲਸਿਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ 50 ਰੁਪਏ ਵਿੱਚ ਐੱਮਆਰਆਈ ਦੀ ਸਹੂਲਤ ਦਸੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ ਹੋਰ ਕੈਟਾਗਿਰੀ ਬਣਾਈ ਗਈ ਹੈ, ਜਿਸ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਤਸਦੀਕ ਕਰਨ ’ਤੇ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਦੀ ਐੱਮਆਰਆਈ ਸਿਰਫ ਆਉਂਦੇ ਖਰਚੇ ’ਤੇ ਕੀਤੀ ਜਾਵੇਗੀ। ਦੋਵਾਂ ਆਗੂਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਪੋਲੀਕਲੀਨਿਕ ਵਿੱਚ ਡਾਇਲਸਿਸ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜੋ ਇਸੇ ਮਹੀਨੇ ਸ਼ੁਰੂ ਹੋ ਜਾਵੇਗੀ ਤੇ ਮਰੀਜ਼ਾਂ ਦਾ 600 ਰੁਪਏ ਪ੍ਰਤੀ ਦੀ ਦਰ ’ਤੇ ਡਾਇਲਸਿਸ ਕੀਤਾ ਜਾਵੇਗਾ ਜਦਕਿ ਆਮ ਤੌਰ ’ਤੇ ਬਾਜ਼ਾਰ ਵਿੱਚ ਇਸਦੀ ਦਰ 4000 ਰੁਪਏ ਜਾਂ ਇਸ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਐੱਮਆਰਆਈ ਮਸ਼ੀਨਾਂ ਦਾ ਆਰਡਰ ਦੇ ਦਿੱਤਾ ਗਿਆ ਹੈ ਤੇ ਜਰਮਨ ਤੋਂ ਇਹ ਮਸ਼ੀਨਾਂ ਆਉਣ ਉਪਰੰਤ ਦਸੰਬਰ ਤੋਂ ਐੱਮਆਰਆਈ ਸਹੂਲਤ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਦਿੱਲੀ ਦਾ ਸਭ ਤੋਂ ਸਸਤਾ ਡਾਇਲਸਿਸ ਤੇ ਡਾਇਗਨੋਜ਼ ਸੈਂਟਰ ਵੀ ਇਥੇ ਬਣਨ ਜਾ ਰਿਹਾ ਰਿਹਾ ਹੈ।