ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਕੌਮੀ ਰਾਜਧਾਨੀ ਵਿੱਚ ਅੱਜ ਸਵੇਰ ਤੋਂ ਹੀ ਆਸਮਾਨ ਸਾਫ ਤੇ ਤੇਜ਼ ਧੁੱਪ ਸੀ। ਦਿੱਲੀ ਵਿੱਚ ਸ਼ਨਿਚਰਵਾਰ ਨੂੰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 40 ਅਤੇ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਿਕ ਅਗਲੇ ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਕਿ ਦਿੱਲੀ ਵਾਸੀਆਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਵਿਭਾਗ ਮੁਤਾਬਿਕ 5 ਅਪਰੈਲ ਤੋਂ ਦਿੱਲੀ ਵਿੱਚ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਪਰੈਲ ਤੋਂ ਜੂਨ ਤੱਕ ਕਾਫ਼ੀ ਜ਼ਿਆਦਾ ਗਰਮੀ ਰਹੇਗੀ। ਪੱਛਮੀ ਗੜਬੜੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਇਸ ਦੇ ਬਾਵਜੂਦ ਅਪਰੈਲ ਤੋਂ ਜੂਨ ਦੇ ਤਿੰਨ ਮਹੀਨਿਆਂ ਦੌਰਾਨ ਤੇਜ਼ ਗਰਮੀ ਦੇ ਸੰਕੇਤ ਪਹਿਲਾਂ ਹੀ ਮਿਲ ਚੁੱਕੇ ਹਨ। ਸ਼ੁੱਕਰਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 36.5 ਡਿਗਰੀ ਸੈਲਸੀਅਸ ਸੀ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ ਜਦੋਂ ਕਿ ਘੱਟੋ-ਘੱਟ ਤਾਪਮਾਨ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ਹਵਾ ਵਿੱਚ ਨਮੀ ਦਾ ਪੱਧਰ 17 ਤੋਂ 70 ਫੀਸਦੀ ਰਿਹਾ।ਨਰੇਲਾ ਵਿੱਚ 40.0 ਡਿਗਰੀ ਤੇ ਸਭ ਤੋਂ ਘੱਟ ਤਾਪਮਾਨ ਸਪੋਰਟਸ ਕੰਪਲੈਕਸ ਵਿੱਚ 25.7 ਡਿਗਰੀ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਵੱਲੋਂ ਜਾਰੀ ਏਅਰ ਕੁਆਲਿਟੀ ਬੁਲੇਟਿਨ ਮੁਤਾਬਕ ਦਿੱਲੀ ਦਾ ਹਵਾ ਸੂਚਕ ਅੰਕ 218 ਰਿਹਾ। ਫਰੀਦਾਬਾਦ ਦਾ ਏਅਰ ਇੰਡੈਕਸ 266, ਗਾਜ਼ੀਆਬਾਦ 220, ਗ੍ਰੇਟਰ ਨੋਇਡਾ 243, ਗੁਰੂਗ੍ਰਾਮ 230 ਅਤੇ ਨੋਇਡਾ 219 ਦਰਜ ਕੀਤਾ ਗਿਆ।