ਮਨਧੀਰ ਦਿਓਲ
ਨਵੀਂ ਦਿੱਲੀ, 22 ਮਈ
ਦਿੱਲੀ ਦੇ ਤਿੰਨ ਨਗਰ ਨਿਗਮ ਦਾ ਰਲੇਵਾਂ ਕਰ ਕੇ ਮੁੜ ‘ਦਿੱਲੀ ਨਗਰ ਨਿਗਮ’ ਬਣਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਬੀਤੇ ਹਫ਼ਤੇ ਜਾਰੀ ਇੱਕ ਨੋਟੀਫਿਕੇਸ਼ਨ ਤੋਂ ਮਗਰੋਂ ਉੱਤਰੀ ਦਿੱਲੀ ਨਗਰ ਨਿਗਮ, ਦੱਖਣੀ ਦਿੱਲੀ ਨਗਰ ਨਿਗਮ ਤੇ ਪੂਰਬੀ ਦਿੱਲੀ ਨਗਰ ਨਿਗਮ ਇੱਕ ਹੋ ਗਏ। ਇਸ ਨਵੀਂ ਸਥਾਨਕ ਸਰਕਾਰਾਂ ਏਜੰਸੀ ਦਾ ਹੈੱਡਕੁਆਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਸਿਵਕ ਸੈਂਟਰ ਬਣ ਗਿਆ ਹੈ। ਦਿੱਲੀ ਨਗਰ ਨਿਗਮਾਂ ਦੇ ਤਿੰਨਾਂ ਵਿੰਗਾਂ ਦੇ ਮੇਅਰ ਤੇ ਕੌਂਸਲਰ ਹੁਣ ਸਾਬਕਾ ਹੋ ਗਏ ਹਨ।
ਗ੍ਰਹਿ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਅਨੁਸਾਰ, ਆਈਏਐੱਸ ਅਧਿਕਾਰੀ ਅਸ਼ਵਨੀ ਕੁਮਾਰ ਨੂੰ ਦਿੱਲੀ ਦੇ ਏਕੀਕ੍ਰਿਤ ਨਗਰ ਨਿਗਮ ਦਾ ਵਿਸ਼ੇਸ਼ ਅਧਿਕਾਰੀ ਤੇ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 1998 ਬੈਚ ਦੇ ਆਈਏਐਸ ਅਧਿਕਾਰੀ ਗਿਆਨੇਸ਼ ਭਾਰਤੀ ਦੀ ਵੀ ਨਿਯੁਕਤੀ ਹੋਈ ਹੈ। ਦਿੱਲੀ ਨਗਰ ਨਿਗਮ ਨੂੰ 2011 ਵਿੱਚ ਉੱਤਰੀ, ਦੱਖਣੀ ਤੇ ਪੂਰਬੀ ਨਗਰ ਨਿਗਮਾਂ ਵਿੱਚ ਵੰਡ ਦਿੱਤਾ ਗਿਆ ਸੀ। ਕੁੱਲ 272 ਵਾਰਡਾਂ ਵਿੱਚੋਂ 104 ਵਾਰਡ ਉੱਤਰੀ ਦਿੱਲੀ ਨਗਰ ਨਿਗਮ ਵਿੱਚ ਆ ਗਏ ਤੇ ਐਨੇ ਹੀ ਵਾਰਡ ਦੱਖਣੀ ਦਿੱਲੀ ਵਿੱਚ ਸ਼ਾਮਲ ਕਰ ਦਿੱਤੇ ਗਏ ਸਨ। ਪੂਰਬੀ ਦਿੱਲੀ ਨਗਰ ਨਿਗਮ ਦੇ ਵਾਰਡਾਂ ਦੀ ਗਿਣਤੀ 64 ਰਹਿ ਗਈ ਸੀ। ਹੁਣ ਤਿੰਨਾਂ ਨਿਗਮਾਂ ਦੀ ਕਮਾਈ ਤੇ ਖਰਚੇ ਇੱਕ ਥਾਂ ਹੋਣ ਕਰਕੇ ਐੱਮਸੀਡੀ ਲਾਹੇ ਵਾਲੇ ਖੇਤਰ ਤੋਂ ਧਨ ਦੂਜੇ ਖੇਤਰ ਵਿੱਚ ਲਾ ਸਕੇਗੀ। ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਸਮੇਂ ਉੱਪਰ ਮਿਲਣ ਦੀ ਉਮੀਦ ਹੈ।
ਕਨਸੋਆਂ ਹਨ ਕਿ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਲਈ ਘੱਟੋ-ਘੱਟ ਛੇ ਮਹੀਨੇ ਹੋਰ ਲੱਗ ਜਾਣਗੇ ਜਿਸ ਕਰਕੇ ਸਿਆਸੀ ਧਿਰਾਂ ਦੇ ਚੋਣਾਂ ਲੜਨ ਦੇ ਚਾਹਵਾਨ ਆਗੂਆਂ ਦੀਆਂ ਸਰਗਰਮੀਆਂ ਨੂੰ ਫਿਲਹਾਲ ਵਿਰਾਮ ਲੱਗ ਗਿਆ ਹੈ। ਦੱਖਣੀ ਦਿੱਲੀ ਨਗਰ ਨਿਗਮ ਦੀ ਸਟੈਡਿੰਗ ਕਮੇਟੀ ਦੇ ਚੇਅਰਮੈਨ ਜੋ ਅੱਜ ਤੋਂ ਸਾਬਕਾ ਹੋ ਗਏ ਹਨ ਨੇ ਕਿਹਾ ਕਿ ਏਕੀਕ੍ਰਿਤ ਮਗਰੋਂ ਨਿਗਮ ਵਿੱਚ ਲਗਪਗ 700 ਮੁਲਾਜ਼ਮ ਵਾਧੂ ਹੋ ਜਾਣਗੇ ਕਿਉਂਕਿ ਹੋਰ ਮਹਿਕਮੇ ਵਿੱਚੋਂ ਇੱਕ ਤਿਹਾਈ ਮੁਲਾਜ਼ਮ ਘਟਾਏ ਜਾਣਗੇ। ਇਹ ਵਾਧੂ 700 ਮੁਲਾਜ਼ਮਾਂ ਨੂੰ ਕੰਮ ਉਪਰ ਲਾਉਣਾ ਨਵੇਂ ਪ੍ਰਬੰਧਕਾਂ ਅੱਗੇ ਵੱਡੀ ਚੁਣੌਤੀ ਹੋਵੇਗੀ। ਇਨ੍ਹਾਂ ਮੁਲਾਜ਼ਮਾਂ ਦੇ ਭਵਿੱਖ ਬਾਰੇ ਵੀ ਸਵਾਲ ਖੜ੍ਹਾ ਹੋ ਗਿਆ ਹੈ।