ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੁਲਾਈ
‘ਆਪ’ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਸ਼ਾਸਤ ਐਮਸੀਡੀ ਨੇ ਪਿਛਲੇ ਪੰਜ ਸਾਲਾਂ ਵਿੱਚ ਤਿੰਨ ਮੇਅਰਾਂ ਦੀਆਂ ਨਿੱਜੀ ਸਹੂਲਤਾਂ ’ਤੇ 270 ਕਰੋੜ ਰੁਪਏ ਖਰਚ ਕੀਤੇ ਹਨ। ਐੱਮਸੀਡੀ ਕੋਲ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਫੰਡ ਨਹੀਂ ਹਨ ਪਰ ਮੇਅਰਾਂ ’ਤੇ ਖਰਚ ਕਰਨ ਲਈ 270 ਕਰੋੜ ਰੁਪਏ ਹਨ। ਕਰਮਚਾਰੀਆਂ ਨੂੰ ਨਿੱਜੀ ਸਹੂਲਤਾਂ ’ਤੇ ਗੈਰ-ਵਾਜਬ ਖਰਚ ਕਰਨ ਦੀ ਬਜਾਏ ਤਨਖਾਹ ਦਿੱਤੀ ਜਾ ਸਕਦੀ ਹੈ। ਪਾਠਕ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜਦੋਂ ਵੀ ਐੱਮਸੀਡੀ ਨੂੰ ਪੁੱਛਦੇ ਹਾਂ ਕਿ ਅਧਿਆਪਕ, ਡਾਕਟਰ, ਨਰਸਾਂ, ਸਫਾਈ ਕਰਮਚਾਰੀਆਂ ਨੂੰ ਤਨਖ਼ਾਹਾਂ ਕਿਉਂ ਨਹੀਂ ਮਿਲ ਰਹੀਆਂ, ਸਕੂਲ ਤੇ ਹਸਪਤਾਲ ਇੰਨੇ ਖ਼ਰਾਬ ਕਿਉਂ ਹਨ, ਪਾਰਕ ਇੰਨੇ ਗੰਦੇ ਕਿਉਂ ਹਨ, ਤਾਂ ਉਨ੍ਹਾਂ ਦਾ ਇੱਕੋ ਇੱਕ ਜਵਾਬ ਹੈ ਕਿ ਸਾਡੇ ਕੋਲ ਫੰਡ ਨਹੀਂ ਹਨ। ਪਿਛਲੇ ਕਈ ਸਾਲਾਂ ਤੋਂ ਭਾਜਪਾ ਜਨਤਾ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੇ ਕੋਲ ਫੰਡ ਨਹੀਂ ਹਨ, ਇਸ ਲਈ ਕੋਈ ਕੰਮ ਨਹੀਂ ਹੋ ਰਿਹਾ। ਫੰਡ ਦੇ ਨਾਂ ’ਤੇ ਹੋ ਰਹੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਦੇ ਹੋਏ ਦੁਰਗੇਸ਼ ਪਾਠਕ ਨੇ ਕਿਹਾ ਫੰਡ ਨਾ ਹੋਣਾ ਭਾਜਪਾ ਦਾ ਸਭ ਤੋਂ ਵੱਡਾ ਝੂਠ ਹੈ। ਭਾਜਪਾ ਦੇ ਮੇਅਰਾਂ ਨੇ ਪਿਛਲੇ 5 ਸਾਲਾਂ ਵਿੱਚ ਨਿੱਜੀ ਸਹੂਲਤਾਂ ’ਤੇ 270 ਕਰੋੜ ਰੁਪਏ ਖਰਚ ਕੀਤੇ ਹਨ। ਕਿਹੜੀ ਕਾਰ ਵਿੱਚ ਸਫਰ ਕਰਨਾ ਹੈ, ਬੱਚੇ ਕਿਸ ਕਾਰ ਵਿੱਚ ਸਕੂਲ ਜਾਣਗੇ, ਕੁੱਤਿਆਂ ਲਈ ਕੀ ਖਾਣਾ ਲਿਆਉਣਾ ਹੈ, ਘਰ ਵਿੱਚ ਮਨੋਰੰਜਨ ਦੀਆਂ ਕਿਹੜੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ, ਅਜਿਹੇ ਕੰਮਾਂ ’ਤੇ 270 ਕਰੋੜ ਰੁਪਏ ਖਰਚ ਕੀਤੇ ਗਏ ਹਨ।